ਟੂਰ ਕੰਪਨੀ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

ਟੋਰਾਂਟੋ, 12 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਵਿਦਿਅਕ ਟੂਰ ਤੇ ਆਈ 12ਵੀਂ ਦੀ ਵਿਦਿਆਰਥਣ ਅਚਾਨਕ ਲਾਪਤਾ ਹੋ ਗਈ। ਹਰਿਆਣਾ ਦੇ ਕਰਨਾਲ ਸ਼ਹਿਰ ਦੇ ਵਸਨੀਕ ਮੱਖਣ ਸਿੰਘ ਅਤੇ ਕੁਲਵਿੰਦਰ ਕੌਰ ਦੀ ਬੇਟੀ 19 ਜੂਨ ਨੂੰ 43 ਵਿਦਿਆਰਥੀਆਂ ਦੇ ਗਰੁੱਪ ਨਾਲ ਕੈਨੇਡਾ ਪੁੱਜੀ ਸੀ ਅਤੇ 29 ਜੂਨ ਨੂੰ ਵਾਪਸ ਜਾਣਾ ਸੀ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ 'ਚਲੋ ਕੈਨੇਡਾ ਇਨਕਾਰਪੋਰੇਸ਼ਨ ਕੰਪਨੀ' ਦੀ ਮਦਦ ਨਾਲ ਕਰਨਾਲ ਜ਼ਿਲ•ੇ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਤ ਵਿਦਿਆਰਥੀ ਕੈਨੇਡਾ ਆਏ ਸਨ ਪਰ 17 ਸਾਲ ਦੀ ਵਿਦਿਆਰਥਣ ਵਾਪਸੀ ਵੇਲੇ ਜਹਾਜ਼ ਵਿਚ ਸਵਾਰ ਨਾ ਹੋਈ। ਕੰਪਨੀ ਦੇ ਨੁਮਾਇੰਦਿਆਂ ਨੇ ਹਰਿਆਣਾ ਪੁਲਿਸ ਕੋਲ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਰੀਜਨਲ ਪਾਸਪੋਰਟ ਦਫ਼ਤਰ ਤੋਂ ਇਲਾਵਾ ਕੈਨੇਡੀਅਨ ਅੰਬੈਸੀ ਨੂੰ ਵੀ ਸੂਚਿਤ ਕੀਤਾ ਗਿਆ। ਉਧਰ ਕਰਨਾਲ ਦੇ ਸਿਵਲ ਲਾਇਨਜ਼ ਪੁਲਿਸ ਥਾਣੇ ਦੇ ਐਸ.ਐਚ.ਓ. ਵਿਜੇ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਪਿਤਾ ਮੱਖਣ ਸਿੰਘ, ਮਾਤਾ ਕੁਲਵਿੰਦਰ ਕੌਰ ਅਤੇ ਮਾਮੇ ਸੁਰਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਚਲੋ ਕੈਨੇਡਾ ਇਨਕਾਰਪੋਰੇਸ਼ਨ ਦੇ ਨੁਮਾਇੰਦੇ ਪ੍ਰਿਤਪਾਲ ਸਿੰਘ ਪਨੂੰ ਨੇ ਦਾਅਵਾ ਕੀਤਾ ਕਿ ਲੜਕੀ ਜਾਣ-ਬੁੱਝ ਕੇ ਗਾਇਬ ਹੋਈ ਹੈ ਅਤੇ ਉਸ ਦਾ ਪਰਵਾਰ ਹਰ ਕਿਸਮ ਦੀ ਮਦਦ ਕਰ ਰਿਹਾ ਹੈ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੜਕੀ ਦੇ ਗਾਇਬ ਹੋਣ ਬਾਰੇ ਕੈਨੇਡਾ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.