ਦੋ ਦਹਾਕਿਆਂ ਵਿਚ ਟ੍ਰੈਫ਼ਿਕ ਲਾਈਟਾਂ ਸਥਾਪਤ ਨਾ ਕਰ ਸਕੀ ਕੌਂਸਲ

ਬਰੈਂਪਟਨ, 12 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਸਿਟੀ ਕੌਂਸਲ ਨੇ ਸ਼ਹਿਰ ਦੀ ਮੱਕੀ ਮਸਜਿਦ ਨੂੰ 90 ਹਜ਼ਾਰ ਡਾਲਰ ਦੀ ਰਕਮ ਵਾਪਸ ਕਰਨ ਦਾ ਮਤਾ ਪਾਸ ਕਰ ਦਿਤਾ ਜੋ 19 ਸਾਲ ਪਹਿਲਾਂ ਮਸਜਿਦ ਦੇ ਸਾਹਮਣੇ ਟ੍ਰੈਫ਼ਿਕ ਲਾਈਟਾਂ ਸਥਾਪਤ ਕਰਨ ਦੇ ਮਕਸਦ ਨਾਲ ਵਸੂਲ ਕੀਤੀ ਗਈ ਸੀ। ਟੌਰਬ੍ਰਮ ਰੋਡ 'ਤੇ ਸਥਿਤ ਮਸਜਿਦ ਦੇ ਪ੍ਰਬੰਧਕਾਂ ਨੇ ਗੱਡੀਆਂ ਦੀ ਆਵਾਜਾਈ ਸੁਖਾਲੀ ਕਰਨ ਅਤੇ ਸੁਰੱਖਿਆ ਕਾਰਨਾਂ ਦੇ ਲਿਹਾਜ਼ ਤੋਂ ਸਾਲ 2000 ਵਿਚ ਬਰੈਂਪਟਨ ਸਿਟੀ ਕੌਂਸਲ ਨੂੰ ਟ੍ਰੈਫ਼ਿਕ ਲਾਈਟਾਂ ਸਥਾਪਤ ਕਰਨ ਦੀ ਗੁਜ਼ਾਰਿਸ਼ ਕੀਤੀ ਸੀ। ਸਿਟੀ ਕੌਂਸਲ ਵੱਲੋਂ ਟ੍ਰੈਫ਼ਿਕ ਲਾਈਟਾਂ ਦੀ ਪ੍ਰਵਾਨਗੀ ਦੇ ਦਿਤੀ ਗਈ ਅਤੇ ਮਸਜਿਦ ਦੇ ਪ੍ਰਬੰਧਕਾਂ ਨੇ ਬਣਦੀ ਰਕਮ ਦੀ ਅਦਾਇਗੀ ਵੀ ਕਰ ਦਿਤੀ ਪਰ ਪਤਨਾਲਾ ਉਥੇ ਦਾ ਉਥੇ ਰਿਹਾ। ਉਸ ਵੇਲੇ ਸੂਸਨ ਫ਼ੈਨਲ ਆਪਣੇ ਪਹਿਲੇ ਕਾਰਜਕਾਲ ਦੇ ਪਹਿਲੇ ਵਰ•ੇ ਵਿਚ ਸਨ ਅਤੇ ਹੁਣ ਤੱਕ ਪੰਜ ਵੱਖ-ਵੱਖ ਕੌਂਸਲਾਂ ਆ ਚੁੱਕੀਆਂ ਹਨ। ਮੱਕੀ ਮਸਜਿਦ ਦੇ ਡਾਇਰੈਕਟਰ ਕਮਿਊਨੀਕੇਸ਼ਨਜ਼ ਮੁਹੰਮਦ ਅਸਲਮ ਨੇ ਦੱਸਿਆ ਕਿ ਟ੍ਰੈਫ਼ਿਕ ਲਾਈਟਾਂ ਤੁਰਤ ਲਵਾਉਣੀਆਂ ਲਾਜ਼ਮੀ ਸਨ ਅਤੇ ਪਿਛਲੇ 20 ਸਾਲ ਦੌਰਾਨ ਅਸੀਂ ਰਕਮ ਵਾਪਸ ਲੈਣ ਲਈ ਅਣਗਿਣਤ ਨੁਮਾਇੰਦਿਆਂ ਨੂੰ ਮਿਲੇ। ਉਧਰ ਸਿਟੀ ਸਟਾਫ਼ ਨੇ ਕਿਹਾ ਕਿ ਅਦਾਇਗੀ ਵਿਚ ਲੰਮਾਂ ਸਮਾਂ ਲੱਗਣ ਦਾ ਮੁੱਖ ਕਾਰਨ ਟੌਰਬ੍ਰਮ ਰੋਡ ਨੂੰ ਚੌੜਾ ਕਰਨ ਦੀ ਯੋਜਨਾ ਰਹੀ ਕਿਉਂਕਿ ਹਰ ਵਾਰ ਨਵੀਂ ਚੁਣੀ ਜਾਣ ਵਾਲੀ ਕੌਂਸਲ ਪ੍ਰਾਜੈਕਟ ਨੂੰ ਨਵਾਂ ਰੂਪ ਦੇ ਦਿੰਦੀ। ਇਸ ਕਰ ਕੇ ਟ੍ਰੈਫ਼ਿਕ ਲਾਈਟਾਂ ਅੱਜ ਤੱਕ ਨਾ ਲੱਗ ਸਕੀਆਂ। ਵਾਰਡ 7 ਅਤੇ 8 ਤੋਂ ਕੌਂਸਲਰ ਪੈਟ ਫ਼ੌਰਟਿਨੀ ਨੇ ਕਿਹਾ ਕਿ ਰਕਮ ਦੀ ਵਾਪਸੀ ਦੌਰਾਨ ਵਿਆਜ ਅਦਾ ਨਹੀਂ ਕੀਤਾ ਗਿਆ ਅਤੇ ਮਸਜਿਦ ਦੀ ਕੁਲ ਰਕਮ 2 ਲੱਖ 36 ਹਜ਼ਾਰ ਡਾਲਰ ਤੱਕ ਜਾ ਸਕਦੀ ਹੈ ਪਰ ਇਸਲਾਮ ਵਿਚ ਵਿਆਜ ਦੀ ਰਵਾਇਤ ਨਾ ਹੋਣ ਕਾਰਨ ਮਸਜਿਦ ਪ੍ਰਬੰਧਕਾਂ ਨੇ ਮੂਲ ਰਕਮ ਦੀ ਪ੍ਰਾਪਤੀ ਹੀ ਬਿਹਤਰ ਸਮਝੀ।

ਹੋਰ ਖਬਰਾਂ »

ਹਮਦਰਦ ਟੀ.ਵੀ.