ਭਾਰਤ ਵਿਰੋਧੀ ਸਰਗਰਮੀਆਂ ਲਈ ਨਹੀਂ ਹੋਣ ਦੇਵਾਂਗੇ ਲਾਂਘੇ ਦੀ ਵਰਤੋਂ : ਪਾਕਿ

ਵਾਘਾ ਸਰਹੱਦ, 14 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕਰਤਾਰਪੁਰ ਲਾਂਘੇ ਰਾਹੀਂ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਬਗ਼ੈਰ ਵੀਜ਼ਾ ਤੋਂ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦਰਵਾਰਾ ਸਾਹਿਬ ਦੇ ਦਰਸ਼ਨ ਕਰਨ ਜਾ ਸਕਣਗੇ ਅਤੇ ਖਾਸ ਮੌਕਿਆਂ 'ਤੇ 10 ਹਜ਼ਾਰ ਸੰਗਤ ਨੂੰ ਸਰਹੱਦ ਪਾਰ ਜਾਣ ਦੀ ਇਜਾਜ਼ਤ ਹੋਵੇਗੀ। ਇਹ ਫ਼ੈਸਲਾ ਭਾਰਤ ਅਤੇ ਪਾਕਿਸਤਾਨ ਦੇ ਨੁਮਾਇੰਦਿਆਂ ਦਰਮਿਆਨ ਵਾਘਾ ਸਰਹੱਦ 'ਤੇ ਹੋਈ ਦੂਜੇ ਗੇੜ ਦੀ ਗੱਲਬਾਤ ਦੌਰਾਨ ਲਿਆ ਗਿਆ।  ਪਾਕਿਸਤਾਨ ਨੇ ਭਰੋਸਾ ਦਿਵਾਇਆ ਹੈ ਕਿ ਕਰਤਾਰਪੁਰ ਲਾਂਘੇ ਦੀ ਵਰਤੋਂ ਭਾਰਤ ਵਿਰੋਧੀ ਸਰਗਰਮੀਆਂ ਲਈ ਨਹੀਂ ਹੋਣ ਦਿਤੀ ਜਾਵੇਗੀ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਪਾਕਿਸਤਾਨ ਨੇ ਰਾਵੀ ਦਰਿਆ ਉਪਰ ਪੁਲ ਬਣਾਉਣ ਦੀ ਸਹਿਮਤੀ ਵੀ ਦੇ ਦਿਤੀ ਹੈ। ਉਧਰ ਪਾਕਿਸਤਾਨ ਨੇ ਮੀਟਿੰਗ ਦੌਰਾਨ ਦੱਸਿਆ ਕਿ ਲਾਂਘੇ ਦੀ ਉਸਾਰੀ ਦਾ 70 ਫ਼ੀ ਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ ਸੰਗਤਾਂ ਦੇ ਸਵਾਗਤ ਲਈ ਤਿਆਰ-ਬਰ-ਤਿਆਰ ਹੋਵੇਗਾ। ਦੂਜੇ ਭਾਰਤ ਨੇ ਕਿਹਾ ਕਿ ਲਾਂਘੇ ਨੂੰ ਨਵੰਬਰ ਤੱਕ ਚਲਦਾ ਕਰਨ ਲਈ ਅੰਤਰਮ ਪ੍ਰਬੰਧ ਕੀਤੇ ਜਾਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਉਪਰ ਧਰਮ ਦੇ ਆਧਾਰ 'ਤੇ ਕੋਈ ਬੰਦਿਸ਼ ਨਹੀਂ ਹੋਵੇਗੀ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਖਤਾ ਬੰਦੋਬਸਤ ਕੀਤੇ ਜਾਣਗੇ। 

ਹੋਰ ਖਬਰਾਂ »