ਫਾਜ਼ਿਲਕਾ, 15 ਜੁਲਾਈ, ਹ.ਬ. : ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਸਜਰਾਣਾ ਵਿਚ ਵੈਟਰਨਰੀ ਡਾਕਟਰ ਨੂੰ ਪਤਨੀ ਨੇ ਇੰਨਾ ਪ੍ਰੇਸ਼ਾਨ ਕੀਤਾ ਕਿ ਉਸ ਨੇ ਅਪਣੇ ਤਿੰਨ ਸਾਲਾ ਪੁੱਤਰ ਨੂੰ ਛਾਤੀ ਨਾਲ ਬੰਨ੍ਹ ਕੇ ਗੰਗ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਪਤਨੀ ਸਣੇ ਪੰਜ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ।
ਮ੍ਰਿਤਕ ਦੀ ਪਛਾਣ ਛਿੰਦਰ ਪਾਲ ਨਿਵਾਸੀ ਮਾਛੀਰਾਮ ਲਹੋਰੀਆ ਪਿੰਡ ਦੇ ਤੌਰ 'ਤੇ ਹੋਈ। ਮ੍ਰਿਤਕ ਦੇ ਭਰਾ ਰੇਸ਼ਮ ਸਿੰਘ ਨੇ ਦੱਸਿਆ ਕਿ ਛਿੰਦਰਪਾਲ ਦਾ ਵਿਆਹ ਪੰਜ ਸਾਲ ਪਹਿਲਾਂ ਰਾਜਪਾਲ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੇ 3 ਸਾਲ ਦਾ ਲੜਕਾ ਅਤੇ ਦੋ ਮਹੀਨੇ ਦੀ ਬੇਟੀ ਹੈ। ਪਤੀ ਪਤਨੀ ਦਾ ਪਿਛਲੇ ਸਮੇਂ ਤੋਂ ਝਗੜਾ ਰਹਿੰਦਾ ਸੀ ਅਤੇ ਉਨ੍ਹਾਂ ਦੀ ਕਈ ਵਾਰ ਪੰਚਾਇਤਾਂ ਵੀ ਹੋਈਆਂ, ਜਿਸ ਤੋਂ ਬਾਅਦ ਉਹ ਵਾਪਸ ਘਰ ਆ ਜਾਂਦੇ ਸੀ। ਮਈ ਮਹੀਨੇ ਵਿਚ ਉਸ ਦੀ ਪਤਨੀ ਫੇਰ ਤੋਂ ਛਿੰਦਰਪਾਲ ਦੇ ਨਾਲ ਝਗੜਾ ਕਰਕੇ ਪੇਕੇ ਚਲੀ ਗਈ।  ਮਹਿਲਾ ਦੇ ਘਰ ਵਾਲਿਆਂ ਵਲੋਂ ਛਿੰਦਰਪਾਲ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਹ ਉਸ ਦੇ ਖ਼ਿਲਾਫ਼ ਮੁਕਦਮਾ ਦਰਜ ਕਰਾਉਣਗੇ। ਇਸ ਤੋਂ ਪ੍ਰੇਸ਼ਾਨ ਹੋ ਕੇ ਛਿੰਦਰਪਾਲ ਨੇ 3 ਸਾਲਾ ਪੁੱਤਰ ਸਣੇ ਨਹਿਰ ਵਿਚ ਛਾਲ ਮਾਰ ਦਿੱਤੀ। ਸੁਸਾਈਡ ਨੋਟ ਵਿਚ ਉਸ ਨੇ ਲਿਖਿਆ ਕਿ ਉਹ ਅਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਅਪਣੇ ਬੇਟੇ ਨੂੰ ਨਾਲ ਲੈ ਕੇ ਖੁਦਕੁਸ਼ੀ ਕਰ ਰਿਹਾ ਹੈ।  ਪੁਲਿਸ ਨੇ ਮ੍ਰਿਤਕ ਦੀ ਪਤਨੀ ਰਾਜਪਾਲ ਕੌਰ, ਸਹੁਰਾ ਮਹਿੰਦਰ ਸਿੰਘ, ਸੱਸ ਪਰਮਜੀਤ ਕੌਰ, ਨਾਨੀ ਸੱਸ ਮਹਿੰਦਰੋ ਬਾਈ  ਅਤੇ ਮਾਮਾ ਸਹੁਰਾ ਜਗਦੀਸ਼ ਕੁਮਾਰ 'ਤੇ ਮੁਕਦਮਾ ਦਰਜ ਕੀਤਾ ਹੈ।

ਹੋਰ ਖਬਰਾਂ »