ਭਾਰੀ ਬਾਰਸ਼ ਕਾਰਨ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਇਮਾਰਤ

ਸੋਲਨ, 15 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਹਿਮਾਚਲ ਪ੍ਰਦੇਸ਼ ਵਿਚ ਐਤਵਾਰ ਨੂੰ ਇਕ ਇਮਾਰਤ ਢਹਿਣ ਕਾਰਨ 12 ਫ਼ੌਜੀਆਂ ਸਣੇ 13 ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਸੋਲਨ ਨੇੜੇ ਨਾਹਨ-ਕੁਮਾਰਹਟੀ ਸੜਕ 'ਤੇ ਵਾਪਰਿਆ ਜਦੋਂ ਪੰਜ ਮੰਜ਼ਿਲਾ ਢਾਬਾ ਤਾਸ਼ ਤੇ ਪੱਤਿਆਂ ਵਾਂਗ ਢਹਿ ਗਿਆ।  ਹਾਦਸੇ ਵੇਲੇ ਢਾਬੇ ਵਿਚ 17 ਫ਼ੌਜੀਆਂ ਸਣੇ 37 ਜਣੇ ਮੌਜੂਦ ਸਨ ਜੋ ਮਲਬੇ ਹੇਠ ਦਬ ਗਏ। ਐਨ.ਡੀ.ਆਰ.ਐਫ਼. ਦੀ ਮਦਦ ਨਾਲ ਸੋਮਵਾਰ ਸਵੇਰ ਤੱਕ 25 ਜਣਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸੋਮਵਾਰ ਸਵੇਰੇ ਮੌਕੇ 'ਤੇ ਪੁੱਜੇ ਅਤੇ ਹਾਲਾਤ ਦੇ ਜਾਇਜ਼ਾ ਲਿਆ। ਸਥਾਨਕ ਵਸਨੀਕ ਰਮੇਸ਼ ਚੌਹਾਨ ਨੇ ਇਮਾਰਤ ਡਿੱਗਣ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ। ਰਮੇਸ਼ ਚੌਹਾਨ ਨੇ ਦੱਸਿਆ ਕਿ ਢਾਬਾ ਮਾਲਕ ਦੀ ਪਤਨੀ ਉਸ ਵੇਲੇ ਸਿਖਰਲੀ ਮੰਜ਼ਿਲ 'ਤੇ ਸੀ ਜਦੋਂ ਹਾਦਸਾ ਵਾਪਰਿਆ। ਮਲਬੇ ਵਿਚੋਂ ਕੱਢੇ ਗਏ 10 ਜਣਿਆਂ ਨੂੰ ਧਰਮਪੁਰ ਕਮਿਊਨਿਟੀ ਹੈਲਥ ਸੈਂਟਰ ਵਿਚ ਭਰਤੀ ਕਰਵਾਇਆ ਗਿਆ। ਢਾਬੇ 'ਤੇ ਕੰਮ ਕਰਨ ਵਾਲੇ ਦੋ ਮੁਲਾਜ਼ਮ ਚਮਤਕਾਰੀ ਤਰੀਕੇ ਨਾਲ ਬਚ ਗਏ ਜਿਨ•ਾਂ ਵਿਚੋਂ ਰਜਿੰਦਰ ਸਿੰਘ ਮਹਿਮਾਨਾਂ ਦੀ ਸੇਵਾ ਮਗਰੋਂ ਕੋਈ ਚੀਜ਼ ਲੈਣ ਬਾਹਰ ਆਇਆ ਸੀ। ਰਜਿੰਦਰ ਸਿੰਘ ਮੁਤਾਬਕ ਢਾਬੇ ਦੇ ਬਾਹਰ ਖੜ•ੇ ਪੰਜ ਫ਼ੌਜੀਆਂ ਦੀ ਜਾਨ ਵੀ ਬਚ ਗਈ ਜਦਕਿ ਢਾਬਾ ਮਾਲਕ ਦੇ ਬੱਚੇ ਬਾਹਰ ਖੇਡ ਰਹੇ ਸਨ। ਸੂਤਰਾਂ ਨੇ ਦੱਸਿਆ ਕਿ ਇਮਾਰਤ ਦੀਆਂ ਨੀਹਾਂ ਪਹਿਲਾਂ ਹੀ ਕਮਜ਼ੋਰ ਸਨ ਅਤੇ ਪਿਛਲੇ ਦੋ ਦਿਨ ਤੋਂ ਹੋ ਰਹੀ ਬਾਰਸ਼ ਨੇ ਇਨ•ਾਂ ਨੂੰ ਬੋਦਾ ਕਰ ਦਿਤਾ।

ਹੋਰ ਖਬਰਾਂ »