ਇਸਲਾਮਿਕ ਸਟੇਟ ਦੇ ਅਤਿਵਾਦੀ ਵਰਤ ਰਹੇ ਹਨ ਅੰਮ੍ਰਿਤਸਰ 'ਚ ਬਣੀ ਗੋਲੀ

ਬਠਿੰਡਾ, 16 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਅੰਮ੍ਰਿਤਸਰ 'ਚ ਬਣੀ ਦਰਦ ਨਿਵਾਰਕ ਗੋਲੀ ਦੀ ਵਰਤੋਂ ਸੀਰੀਆ ਵਿਖੇ ਇਸਲਾਮਿਕ ਸਟੇਟ ਨਾਲ ਸਬੰਧਤ ਅਤਿਵਾਦੀਆਂ ਦੁਆਰਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫ਼ੋਰਸ (ਐਸ.ਟੀ.ਐਫ਼.) ਨੇ 10 ਲੱਖ ਗੋਲੀਆਂ ਦੀ ਵੱਡੀ ਖੇਪ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐਸ.ਟੀ.ਐਫ਼. ਨੇ ਟ੍ਰੈਮਾਡੌਲ ਨਾਂ ਦੀਆਂ ਇਹ ਗੋਲੀਆਂ ਬਠਿੰਡਾ ਤੋਂ ਜ਼ਬਤ ਕੀਤੀਆਂ ਅਤੇ ਲੁਧਿਆਣਾ ਦੇ ਇਕ ਕਾਰੋਬਾਰੀ ਦੁਆਰਾ ਚਲਾਏ ਜਾ ਰਹੇ ਗਿਰੋਹ ਦਾ ਪਰਦਾ ਫ਼ਾਸ਼ ਕਰ ਦਿਤਾ। ਐਸ.ਟੀ.ਐਫ਼. ਪੰਜਾਬ ਦੀ ਮੁਖੀ ਗੁਰਪ੍ਰੀਤ ਕੌਰ ਦਿਉ ਨੇ ਦੱਸਿਆ ਕਿ ਗੋਲੀਆਂ ਦਾ ਨਿਰਮਾਣ ਨਾਜਾਇਜ਼ ਤਰੀਕੇ ਨਾਲ ਕੀਤਾ ਜਾ ਰਿਹਾ ਸੀ ਅਤੇ ਇਸ ਧੰਦੇ ਵਿਚ ਸਰਗਰਮ ਗਿਰੋਹ ਦੀਆਂ ਤਾਰਾਂ ਚੰਡੀਗੜ• ਦੇ ਨਾਲ ਲਗਦੇ ਜ਼ੀਰਕਪੁਰ ਤੋਂ ਇਲਾਵਾ ਲੁਧਿਆਣਾ ਅਤੇ ਦਿੱਲੀ ਨਾਲ ਜੁੜੀਆਂ ਹੋਈਆਂ ਹਨ। ਲੁਧਿਆਣਾ ਦਾ ਕਾਰੋਬਾਰੀ ਪ੍ਰਦੀਪ ਗੋਇਲ ਗਿਰੋਹ ਦਾ ਮੁੱਖ ਸਰਗਣਾ ਦੱਸਿਆ ਜਾ ਰਿਹਾ ਹੈ ਜਿਸ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ 70 ਲੱਖ ਗੋਲੀਆਂ ਦੀ ਸਪਲਾਈ ਕੀਤੀ। ਪ੍ਰਦੀਪ ਗੋਇਲ, ਲੁਧਿਆਣਾ ਦੀ ਪਿੰਕੀ ਗਲੀ ਵਿਚ ਏ.ਪੀ. ਮੈਡੀਕਲ ਸਟੋਰ ਚਲਾਉਂਦਾ ਸੀ ਜਿਸ ਦਾ ਲਾਇਸੰਸ 2007 ਵਿਚ ਰੱਦ ਕਰ ਦਿਤਾ ਗਿਆ। ਇਸ ਮਗਰੋਂ ਪ੍ਰਦੀਪ ਗੋਇਲ ਨੇ ਜੈ ਮਾਂ ਮੈਡੀਕਲ ਸਟੋਰ ਖੋਲ• ਲਿਆ ਅਤੇ ਮੁੜ ਕਾਬੂ ਆਉਣ 'ਤੇ 2018 ਵਿਚ ਪਲੈਟੀਨਮ ਹੈਲਥ ਕੇਅਰ ਕੰਪਨੀ ਬਣਾ ਲਈ। ਦੱਸ ਦੇਈਏ ਕਿ ਟ੍ਰੈਮਾਡੌਲ ਗੋਲੀ ਦੀ ਵਿਕਰੀ ਡਾਕਟਰ ਦੀ ਪਰਚੀ ਤੋਂ ਬਗੈਰ ਨਹੀਂ ਕੀਤੀ ਜਾ ਸਕਦੀ।

ਹੋਰ ਖਬਰਾਂ »