ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਵਿਚ ਹੋਇਆ ਵਾਧਾ

ਟੋਰਾਂਟੋ, 16 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖ਼ਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਕਮੀ ਆਈ ਹੈ। ਫ਼ੈਡਰਲ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਿਰਫ਼ ਜੂਨ ਮਹੀਨੇ ਦੌਰਾਨ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ।  ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਜੂਨ ਦਰਮਿਆਨ 6707 ਸ਼ਰਨਾਰਥੀਆਂ ਨੇ ਅਮਰੀਕਾ ਤੋਂ ਕੈਨੇਡਾ ਵਿਚ ਕਦਮ ਰੱਖਿਆ ਅਤੇ 2018 ਦੀ ਤੁਲਨਾ ਵਿਚ ਇਹ ਅੰਕੜਾ 38 ਫ਼ੀ ਸਦੀ ਘੱਟ ਹੈ। ਆਰ.ਸੀ.ਐਮ.ਪੀ. ਦੇ ਅਫ਼ਸਰਾਂ ਨੇ ਮਈ ਮਹੀਨੇ ਦੀ ਤੁਲਨਾ ਵਿਚ ਜੂਨ ਦੌਰਾਨ 371 ਵਧੇਰੇ ਸ਼ਰਨਾਰਥੀਆਂ ਨੂੰ ਕੈਨੇਡਾ ਵਿਚ ਦਾਖ਼ਲ ਹੋਣ ਸਮੇਂ ਰੋਕਿਆ। ਇਸੇ ਅੰਕੜੇ ਦੇ ਆਧਾਰ 'ਤੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੂੰ ਲਿਬਰਲ ਸਰਕਾਰ ਵੱਲ ਉਂਗਲ ਚੁੱਕਣ ਦਾ ਮੌਕਾ ਮਿਲ ਗਿਆ। ਕੰਜ਼ਰਵੇਟਿਵ ਪਾਰਟੀ ਦੀ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਆਲੋਚਕ ਮਿਸ਼ੇਲ ਰੈਂਪੈਲ ਨੇ ਕਿਹਾ ਕਿ ਉਨ•ਾਂ ਦੀਆਂ ਨਜ਼ਰਾਂ ਵਿਚ ਨਾਜਾਇਜ਼ ਤਰੀਕੇ ਨਾਲ ਕੈਨੇਡਾ ਵਿਚ ਦਾਖ਼ਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਦੂਜੇ ਪਾਸੇ ਕੈਨੇਡਾ ਤੋਂ ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਅਮਰੀਕਾ ਦੇ ਸਵੈਨਟਨ ਸੈਕਟਰ ਵਿਚ ਬਾਰਡਰ ਏਜੰਟਾਂ ਨੇ 2018 ਦੌਰਾਨ 449 ਪ੍ਰਵਾਸੀਆਂ ਨੂੰ ਮੁਲਕ ਵਿਚ ਦਾਖ਼ਲ ਹੁੰਦਿਆਂ ਹਿਰਾਸਤ ਵਿਚ ਲਿਆ ਜਦਕਿ ਏਜੰਟਾਂ ਤੋਂ ਬਚ ਕੇ ਸਰਹੱਦ ਪਾਰ ਕਰਨ ਵਾਲਿਆਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ।

ਹੋਰ ਖਬਰਾਂ »