ਨਵੀਂ ਦਿੱਲੀ, 17 ਜੁਲਾਈ, ਹ.ਬ. : ਦਿੱਲੀ ਹਵਾਈ ਅੱਡੇ 'ਤੇ ਕੈਨੇਡੀਅਨ ਨਾਗਰਿਕ ਨੂੰ ਟੈਕਸੀ ਵਿਚ ਬਿਠਾ ਕੇ ਬੰਧਕ ਬਣਾਉਣ ਅਤੇ ਉਸ ਦੇ ਨਾਲ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਲੁੱਟ ਤੋਂ ਬਾਅਦ ਉਸ ਨੂੰ ਮਹਿਪਾਲਪੁਰ ਫਲਾਈਓਵਰ ਦੇ ਕੋਲ ਛੱਡ ਦਿੱਤਾ।  ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਈਜੀਆਈ ਏਅਰਪੋਰਟ ਏਰੀਆ ਦੇ ਡੀਸੀਪੀ ਸੰਜੇ ਭਾਟੀਆ ਨੇ ਦੱਸਿਆ ਕਿ ਕੈਨੇਡਾ ਦੇ ਨਾਗਰਿਕ ਮੁਹੰਮਦ ਮਹਿੰਦੀ ਘਜਨਫਾਨੀ  ਇੰਡੀਗੋ ਏਅਰਲਾਈਨਜ਼ ਵਿਚ ਕੰਮ ਕਰਦੇ  ਹਨ। ਉਹ 13 ਜੁਲਾਈ ਦੀ ਰਾਤ ਏਅਰਪੋਰਟ ਪੁੱਜੇ ਅਤੇ ਕੰਪਨੀ ਦੀ ਕੈਬ ਦੀ ਉਡੀਕ ਕਰ ਰਹੇ ਸੀ। ਇਸ ਦੌਰਾਨ ਉਹ ਦਿੱਲੀ ਕੈਂਟ ਵਾਲੇ ਪਾਸੇ ਮੈਟਰੋ ਸਟੇਸ਼ਨ ਦੇ ਗੇਟ ਨੰਬਰ ਦੋ ਵੱਲ ਚਲੇ ਗਏ। ਜਦ ਉਹ ਕੰਪਨੀ ਕੈਬ ਡਰਾਈਵਰ ਨਾਲ ਗੱਲ ਕਰ ਰਹੇ ਸੀ ਤਾਂ ਇੱਕ ਵਿਅਕਤੀ ਉਥੇ ਆਇਆ ਅਤੇ ਹਿੰਦੀ ਵਿਚ ਗੱਲਾਂ ਕਰਨ ਲੱਗਾ। ਉਸ ਨੇ ਮਹਿੰਦੀ ਨੂੰ ਕਿਹਾ ਕਿ ਉਹ ਪਾਰਕਿੰਗ ਵੱਲ ਜਾ ਰਿਹਾ ਹੈ ਤੇ 100 ਰੁਪਏ ਵਿਚ ਉਥੇ ਛੱਡ ਦੇਵੇਗਾ। ਇਸ ਦੌਰਾਨ ਉਹ ਟੈਕਸੀ ਵਿਚ ਬੈਠ ਗਿਆ। ਟੈਕਸੀ ਵਿਚ ਪਹਿਲਾਂ ਤੋਂ ਦੋ ਲੋਕ ਬੈਠੇ ਸੀ। ਉਨ੍ਹਾਂ ਨੇ ਮਹਿੰਦੀ ਨੂੰ ਡਰਾ ਧਮਕਾ ਕੇ ਉਸ ਦਾ ਏਟੀਐਮ ਕਾਰਡ ਲੈ ਲਿਆ। ਮੁਲਜ਼ਮਾਂ ਨੇ ਏਟੀਐਮ ਕਾਰਡ ਰਾਹੀਂ ਦਸ ਵਾਰ ਵਿਚ ਇੱਕ ਲੱਖ ਰੁਪਏ ਕੱਢੇ। ਇਸ ਤੋਂ ਇਲਾਵਾ ਕੈਨੇਡੀਅਨ ਵੀਜ਼ਾ ਕਾਰਡ ਤੋਂ ਕਰੀਬ 20 ਹਜ਼ਾਰ ਰੁਪਏ ਕਢਵਾ ਲਏ। ਉਨ੍ਹਾਂ ਨੇ ਉਸ ਦਾ ਪਰਸ ਵੀ ਖੋਹ ਲਿਆ। ਜਿਸ ਵਿਚ ਕਰੀਬ 12 ਹਜ਼ਾਰ ਰੁਪਏ ਸੀ। ਰਾਤ ਕਰੀਬ ਸਵਾ ਦੋ ਵਜੇ ਉਹ ਪੀੜਤ ਨੂੰ ਮਹਿਪਾਲਪੁਰ  ਫਲਾਈਓਵਰ ਦੇ ਕੋਲ ਛੱਡ ਕੇ ਫਰਾਰ ਹੋ ਗਏ। ਪੀੜਤ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਹੋਰ ਖਬਰਾਂ »