ਅਮਰੀਕੀ ਅਦਾਲਤ 23 ਅਗਸਤ ਨੂੰ ਸੁਣਾਏਗੀ ਸਜ਼ਾ

ਨਵਨੀਤ ਕੌਰ ਨੇ ਮੰਗਿਆ ਸੀ ਤਲਾਕ, ਗਰੇਵਾਲ ਨੇ ਦਿੱਤੀ ਮੌਤ, 2007 ਵਿਚ ਪਤਨੀ ਦੀ ਬਾਥਟਬ 'ਚ ਗਲਾ ਦਬ ਕੇ ਕੀਤੀ ਸੀ ਹੱਤਿਆ, ਗਰੇਵਾਲ ਕੈਨੇਡਾ ਤੇ ਨਵਨੀਤ ਕੌਰ ਰਹਿੰਦੀ ਸੀ ਅਮਰੀਕਾ

ਨਿਊਯਾਰਕ, 17 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਵੱਖ ਰਹਿ ਰਹੀ ਪਤਨੀ ਵੱਲੋਂ ਤਲਾਕ ਦੀ ਮੰਗ ਕਰਨ 'ਤੇ ਉਸ ਦੀ ਹੱਤਿਆ ਕਰਨ ਵਾਲੇ ਇਕ ਭਾਰਤੀ ਮੂਲ ਦੇ ਕੈਨੇਡੀਅਨ ਵਿਅਕਤੀ ਨੂੰ ਅਮਰੀਕਾ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਦੋਸ਼ੀ ਨੂੰ 2011 'ਚ ਭਾਰਤ ਤੋਂ ਅਮਰੀਕਾ ਲਿਆਂਦਾ ਗਿਆ ਸੀ। ਜੂਰੀ ਨੇ 44 ਸਾਲਾ ਅਵਤਾਰ ਗਰੇਵਾਲ ਨੂੰ ਆਪਣੀ ਪਤਨੀ ਨਵਨੀਤ ਕੌਰ ਦੀ 2007 'ਚ ਬਾਥਟਬ 'ਚ ਗਲਾ ਦਬ ਕੇ ਹੱਤਿਆ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ 23 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਮਗਰੋਂ ਦੋਵਾਂ ਨੇ 2005 'ਚ ਵਿਆਹ ਕਰ ਲਿਆ ਸੀ। ਗਰੇਵਾਲ ਕੈਨੇਡਾ 'ਚ ਰਹਿੰਦਾ ਸੀ ਜਦੋਂਕਿ ਨਵਨੀਤ ਕੌਰ ਵੀਜ਼ਾ 'ਤੇ ਅਮਰੀਕਾ ਰਹਿੰਦੀ ਸੀ। ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਗਰੇਵਾਲ ਨੇ ਨਵਨੀਤ ਕੌਰ ਨਾਲ ਵਿਆਹ ਕਰਨ ਤੋਂ ਬਾਅਦ ਆਪਣਾ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਵਕੀਲਾਂ ਅਨੁਸਾਰ ਗਰੇਵਾਲ ਆਪਣੀ ਪਤਨੀ ਬਾਰੇ ਪਤਾ ਲਾਉਣ ਲਈ ਦਿਨ 'ਚ ਕਈ ਵਾਰ ਫੋਨ ਕਰਦਾ ਸੀ। ਜਦੋਂ ਫੋਨ ਦਾ ਜਵਾਬ ਨਹੀਂ ਮਿਲਦਾ ਸੀ ਤਾਂ ਉਹ ਉਸ ਦੇ ਦਫ਼ਤਰ ਤੇ ਹੋਰ ਲੋਕਾਂ ਨੂੰ ਫੋਨ ਕਰਦਾ ਸੀ। ਉਨ•ਾਂ ਦੱਸਿਆ ਕਿ ਵਿਆਹ ਮਗਰੋਂ ਨਵਨੀਤ ਕੌਰ ਗਰੇਵਾਲ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਆ ਗਈ ਸੀ ਤੇ ਉਸ ਨੇ ਉਸ ਨੂੰ ਤਲਾਕ ਦੇਣ ਲਈ ਕਿਹਾ। ਇਸ ਮਗਰੋਂ ਗਰੇਵਾਲ ਨੇ ਇਸ ਮੁੱਦੇ 'ਤੇ ਗੱਲਬਾਤ ਨੂੰ ਕਿਹਾ ਅਤੇ ਕੈਨੇਡਾ ਤੋਂ ਉਸ ਦੇ ਘਰ ਅਮਰੀਕਾ ਪਹੁੰਚ ਗਿਆ। ਨਵਨੀਤ ਕੌਰ ਨੇ ਘਰ ਪੁੱਜਣ 'ਤੇ ਵੀ ਤਲਾਕ ਦੀ ਗੱਲ ਦੋਹਰਾਈ ਜਿਸ ਮਗਰੋਂ ਦੋਵਾਂ 'ਚ ਝਗੜਾ ਹੋਇਆ। ਇਸ ਮਗਰੋਂ ਗਰੇਵਾਲ ਨੇ ਉਸ ਦੀ ਹੱਤਿਆ ਕਰ ਦਿੱਤੀ।    

ਹੋਰ ਖਬਰਾਂ »