ਪਿਛਲੇ ਤਿੰਨ ਸਾਲ ਦੌਰਾਨ ਕੈਨੇਡਾ 'ਚ 11,577 ਮੌਤਾਂ

ਸਰੀ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਸ਼ਿਆਂ ਦੀ ਓਵਰਡੋਜ਼ ਦੇ ਸੰਕਟ ਨਾਲ ਨਜਿੱਠਣ ਲਈ ਟਰੂਡੋ ਸਰਕਾਰ ਨੇ 76.2 ਮਿਲੀਅਨ ਡਾਲਰ ਖ਼ਰਚ ਕਰਨ ਦਾ ਐਲਾਨ ਕੀਤਾ ਹੈ। ਸਿਹਤ ਮੰਤਰੀ ਗਿਨੇਟ ਪੈਟੀਪਸ ਟੇਲਰ ਨੇ ਸਰੀ ਵਿਖੇ ਇਕ ਸਮਾਗਮ ਦੌਰਾਨ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੂੰ ਠੱਲ ਪਾਉਣ ਅਤੇ ਮਿਥਮਫ਼ੇਟਾਮਾਈਨ ਦੀ ਵਰਤੋਂ ਵਿਚ ਹੋਏ ਚੰਤਾਜਨਕ ਵਾਧੇ ਨੂੰ ਰੋਕਣ  ਲਈ ਠੋਸ ਕਦਮ ਚੁੱਕੇ ਜਾਣਗੇ। 
ਉਨ•ਾਂ ਕਿਹਾ ਕਿ ਲੋਕ ਅਕਸਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਨਸ਼ਿਆਂ ਦੀ ਓਵਰਡੋਜ਼ ਦਾ ਸੰਕਟ ਸਿਰਫ਼ ਵੱਡੇ ਸ਼ਹਿਰਾਂ ਤੱਕ ਸੀਮਤ ਹੈ ਪਰ ਕੈਨੇਡਾ ਦੇ ਦਰਮਿਆਨੇ ਆਕਾਰ ਵਾਲੇ ਕਈ ਸ਼ਹਿਰਾਂ ਨੂੰ ਇਸ ਸਮੱਸਿਆ ਦੀ ਸਭ ਤੋਂ ਜ਼ਿਆਦਾ ਮਾਰ ਝੱਲਣੀ ਪੈ ਰਹੀ ਹੈ। ਫ਼ੈਡਰਲ ਸਿਹਤ ਮੰਤਰੀ ਨੇ ਦੋਸ਼ ਲਾਇਆ ਕਿ ਕਈ ਸੂਬਾ ਸਰਕਾਰਾਂ ਇਸ ਸਮੱਸਿਆ ਦੇ ਟਾਕਰੇ ਲਈ ਸ਼ਹਿਰੀ ਪ੍ਰਸ਼ਾਸਨ ਦੀ ਕੋਈ ਮਦਦ ਨਹੀਂ ਕਰ ਰਹੀਆਂ। ਓਵਰਡੋਜ਼ ਦੇ ਅਸਰ ਨੂੰ ਖ਼ਤਮ ਕਰਨ ਲਈ ਨਲੌਕਸੋਨ ਕਿਟ ਦੀ ਵਰਤੋਂ ਬਾਰੇ ਸਿਖਲਾਈ ਲੈਣ ਮਗਰੋਂ ਸਿਹਤ ਮੰਤਰੀ ਨੇ ਹਰ ਕੈਨੇਡੀਅਨ ਨੂੰ ਇਸ ਨੂੰ ਵਰਤਣ ਦਾ ਤਰੀਕਾ ਸਿੱਖਣ ਦਾ ਸੱਦਾ ਦਿਤਾ। ਉਨ•ਾਂ ਦੱਸਿਆ ਕਿ ਮੌਜੂਦਾ ਵਿੱਤੀ ਵਰ•ੇ ਲਈ ਪੇਸ਼ ਬਜਟ ਵਿਚ ਨਲੌਕਸੋਨ ਕਿਟਾਂ ਦੀ ਖ਼ਰੀਦ ਵਾਸਤੇ 22.3 ਮਿਲੀਅਨ ਡਾਲਰ ਰੱਖੇ ਗਏ ਹਨ ਜਿਸ ਦੇ ਮੱਦੇਨਜ਼ਰ ਕੈਨੇਡਾ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਹੋਣਾ ਚਾਹੀਦਾ ਜਿਥੇ ਓਵਰਡੋਜ਼ ਤੋਂ ਬਚਾਉਣ ਵਾਲੀ ਇਹ ਕਿਟ ਮੁਹੱਈਆ ਨਾ ਹੋਵੇ। ਦੱਸ ਦੇਈਏ ਕਿ ਕੈਨੇਡਾ ਸਰਕਾਰ ਦੇ ਅੰਕੜਿਆਂ ਮੁਤਾਬਕ ਜਨਵਰੀ 2016 ਤੋਂ ਦਸੰਬਰ 2018 ਤੱਕ ਨਸ਼ਿਆਂ ਦੀ ਓਵਰਡੋਜ਼ ਕਾਰਨ 11,577 ਮੌਤਾਂ ਹੋਈਆਂ। 

ਹੋਰ ਖਬਰਾਂ »