ਡਰਾਈਵਿੰਗ ਲਾਇਸੰਸ 90 ਦਿਨ ਲਈ ਮੁਅੱਤਲ

ਗੁਐਲਫ਼, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਗੁਐਲਫ਼ ਸ਼ਹਿਰ ਵਿਚ ਡਰਾਈਵਰਾਂ ਦੀ ਚੈਕਿੰਗ ਚੱਲ ਰਹੀ ਸੀ ਜਦੋਂ ਸ਼ਰਾਬ ਦੇ ਨਸ਼ੇ ਵਿਚ ਟੱਲੀ ਬਰੈਂਪਟਨ ਦੇ ਅੰਮ੍ਰਿਤਪਾਲ ਸਿੰਘ ਨੇ ਪੁਲਿਸ ਵੱਲੋਂ ਰੋਕੀ ਗੱਡੀ ਵਿਚ ਆਪਣੀ ਕਾਰ ਠੋਕ ਦਿਤੀ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਵਿਰੁੱਧ ਤੈਅਸ਼ੁਦਾ ਹੱਦ ਤੋਂ ਜ਼ਿਆਦਾ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕਰ ਦਿਤਾ। 23 ਸਾਲ ਦੇ ਅੰਮ੍ਰਿਤਪਾਲ ਸਿੰਘ ਦਾ ਡਰਾਈਵਿੰਗ ਲਾਇਸੰਸ 90 ਦਿਨ ਲਈ ਮੁਅੱਤਲ ਰਹੇਗਾ ਜਦਕਿ ਗੱਡੀ ਸੱਤ ਦਿਨ ਲਈ ਜ਼ਬਤ ਹੋ ਗਈ। ਪੁਲਿਸ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਵਿਰੁੱਧ ਲੱਗੇ ਦੋਸ਼ਾਂ ਬਾਰੇ ਜਵਾਬ ਦੇਣ ਲਈ 9 ਅਗਸਤ ਨੂੰ ਗੁਐਲਫ਼ ਦੀ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿਤੇ ਗਏ ਹਨ। ਵੈਲਿੰਗਟਨ ਕਾਊਂਟੀ ਦੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਗੁਐਲਫ਼ ਦੇ ਕਾਲਜ ਐਵੇਨਿਊ ਨੇੜੇ ਹੈਨਲੌਨ ਐਕਸਪ੍ਰੈਸਵੇਅ 'ਤੇ ਰਾਈਡ ਚੈੱਕ ਨਾਕਾ ਲਾਇਆ ਗਿਆ ਸੀ ਕਿ ਅਚਾਨਕ ਇਕ ਤੇਜ਼ ਰਫ਼ਤਾਰ ਗੱਡੀ ਨੇ ਚੈਕਿੰਗ ਲਈ ਕਤਾਰ ਵਿਚ ਲੱਗੀ ਕਾਰ ਵਿਚ ਟੱਕਰ ਮਾਰ ਦਿਤੀ ਜਿਸ ਦੇ ਸਿੱਟੇ ਵਜੋਂ ਇਹ ਕਾਰ ਅੱਗੇ ਖੜ•ੀ ਕਾਰ ਨਾਲ ਟਕਰਾਅ ਗਈ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਹ ਦਾ ਨਮੂਨਾ ਲਿਆ ਤਾਂ ਹੱਦ ਤੋਂ ਜ਼ਿਆਦਾ ਸ਼ਰਾਬ ਪੀਤੀ ਹੋਣ ਦੀ ਗੱਲ ਸਾਬਤ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.