ਕਰਾਚੀ, 20 ਜੁਲਾਈ, ਹ.ਬ. : ਫਰਵਰੀ ਵਿਚ ਬਾਲਾਕੋਟ 'ਤੇ ਭਾਰਤੀ ਹਵਾਈ ਫ਼ੌਜ ਦੇ ਹਮਲੇ ਤੋਂ ਬਾਅਦ ਕਰੀਬ ਪੰਜ ਮਹੀਨੇ ਬੰਦ ਰਹੇ ਪਾਕਿਸਤਾਨੀ ਹਵਾਈ ਖੇਤਰ ਨੂੰ ਇਸ ਦੌਰਾਨ ਪੰਜ ਕਰੋੜ ਡਾਲਰ (ਭਾਰਤੀ ਕਰੰਸੀ ਵਿਚ ਕਰੀਬ 344 ਕਰੋੜ ਰੁਪਏ) ਦਾ ਨੁਕਸਾਨ ਉਠਾਉਣਾ ਪਿਆ ਹੈ। ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਨੇ ਇਹ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਕਿ ਪਾਕਿ ਸਰਕਾਰ ਦੇ ਇਸ ਕਦਮ ਨਾਲ ਭਾਰਤ ਨੂੰ ਜ਼ਿਆਦਾ ਪਰੇਸ਼ਾਨੀ ਹੋਈ ਹੈ। ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗ਼ੁਲਾਮ ਸਰਵਰ ਖ਼ਾਨ ਨੇ ਵੀਰਵਾਰ ਨੂੰ ਕਿਹਾ, 'ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ (ਸੀਏਏ) ਨੂੰ ਹਵਾਈ ਖੇਤਰ ਬੰਦ ਕਰਨ ਨਾਲ 8.5 ਅਰਬ ਰੁਪਏ (ਪਾਕਿ ਮੁਦਰਾ 'ਚ) ਯਾਨੀ ਪੰਜ ਕਰੋੜ ਡਾਲਰ ਦਾ ਘਾਟਾ ਹੋਇਆ ਹੈ। ਸਾਡੇ ਹਵਾਬਾਜ਼ੀ ਉਦਯੋਗ ਲਈ ਇਹ ਬਹੁਤ ਵੱਡਾ ਨੁਕਸਾਨ ਹੈ।' ਪਾਕਿਸਤਾਨੀ ਅਖ਼ਬਾਰ ਡਾਨ ਨੇ ਗ਼ੁਲਾਮ ਸਰਵਰ ਖ਼ਾਨ ਦੇ ਹਵਾਲੇ ਨਾਲ ਦੱਸਿਆ ਕਿ ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਤੋਂ ਜ਼ਿਆਦਾ ਭਾਰਤ ਨੂੰ ਨੁਕਸਾਨ ਹੋਇਆ ਹੈ। ਭਾਰਤ ਦਾ ਨੁਕਸਾਨ ਲਗਪਗ ਦੁੱਗਣਾ ਹੈ ਪਰ ਹੁਣ ਦੋਵਾਂ ਦੇਸ਼ਾਂ ਦੇ ਸਬੰਧ ਸੁਧਾਰਨ ਤੇ ਸਦਭਾਵ ਬਣਾਉਣ ਦੀ ਲੋੜ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਹਵਾਬਾਜ਼ੀ ਸਕੱਤਰ ਸ਼ਾਹਰੁਖ਼ ਨੁਸਰਤ ਨੇ ਆਪਣੇ ਸੰਸਦੀ ਬੋਰਡ ਨੂੰ ਜਾਣਕਾਰੀ ਦਿੱਤੀ ਸੀ ਕਿ ਪਾਕਿਸਤਾਨ ਆਪਣੇ ਹਵਾਈ ਖੇਤਰ ਨੂੰ ਤਾਂ ਹੀ ਖੋਲ੍ਹੇਗਾ ਜਦੋਂ ਭਾਰਤ ਆਪਣੇ ਅਗਾਊਂ ਮੋਰਚੇ ਤੋਂ ਜੰਗੀ ਜਹਾਜ਼ ਹਟਾ ਲਵੇਗਾ। ਜ਼ਿਕਰਯੋਗ ਹੈ ਕਿ ਬਾਲਾਕੋਟ ਸਰਜੀਕਲ ਸਟ੍ਰਾਈਕ ਤੋਂ ਬਾਅਦ 26 ਫਰਵਰੀ ਤੋਂ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਭਾਰਤੀ ਜਹਾਜ਼ਾਂ ਲਈ ਬੰਦ ਕਰ ਦਿੱਤਾ ਸੀ। ਇਸ ਨਾਲ ਹਵਾਈ ਯਾਤਰੀਆਂ ਲਈ ਦੂਰੀ ਤੇ ਯਾਤਰਾ ਦਾ ਸਮਾਂ ਵਧ ਗਿਆ ਤੇ ਏਅਰਲਾਈਨਾਂ ਨੂੰ ਈਂਧਨ ਲਈ ਜ਼ਿਆਦਾ ਖ਼ਰਚ ਕਰਨਾ ਪਿਆ। ਪਾਕਿਸਤਾਨ ਨੇ ਪਿਛਲੇ ਮੰਗਲਵਾਰ ਦੀ ਸਵੇਰ ਹੀ ਬਿਨਾਂ ਕਿਸੇ ਸ਼ਰਤ ਦੇ ਸਾਰੀਆਂ ਸਿਵਲ ਉਡਾਣਾਂ ਲਈ ਆਪਣੇ ਹਵਾਈ ਖੇਤਰ ਖੋਲ੍ਹ ਦਿੱਤਾ ਹੈ। ਧਿਆਨ ਰਹੇ ਕਿ ਪਿਛਲੇ ਬੁੱਧਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਜ ਸਭਾ ਨੂੰ ਦੱਸਿਆ ਸੀ ਕਿ ਪਾਕਿ ਹਵਾਈ ਖੇਤਰ ਬੰਦ ਹੋਣ ਨਾਲ ਏਅਰ ਇੰਡੀਆ ਨੂੰ ਚਾਰ ਮਹੀਨੇ ਵਿਚ 430 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
 

ਹੋਰ ਖਬਰਾਂ »