ਇਮਾਨਦਾਰਾਂ ਦੀ ਕਾਂਗਰਸ ਵਿਚ ਕੋਈ ਕਦਰ ਨਹੀਂ : ਹਰਪਾਲ ਚੀਮਾ

ਸੰਗਰੂਰ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਪੰਜਾਬ ਮੰਤਰੀ ਮੰਡਲ ਵਿਚ ਖ਼ਾਲੀ ਹੋਈ ਕੁਰਸੀ ਉਪਰ ਕਬਜ਼ੇ ਦੀ ਜੰਗ ਛਿੜ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਖ਼ਾਲੀ ਕੁਰਸੀ ਲਈ ਉਮੀਦਵਾਰ ਤੈਅ ਕਰਦਿਆਂ ਜਾਤ, ਧਰਮ ਅਤੇ ਖਿਤੇ ਵਰਗੇ ਤੱਥਾਂ 'ਤੇ ਡੂੰਘਾਈ ਨਾਲ ਵਿਚਾਰ ਕੀਤਾ ਜਾਵੇਗਾ। ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਮਹਿਕਮਾ ਆਪਣੇ ਕੋਲ ਰਖਦਿਆਂ ਕੋਈ ਨਵਾਂ ਚਿਹਰਾ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੇ ਸੰਕੇਤ ਨਹੀਂ ਦਿਤੇ ਪਰ ਕਈ ਸੀਨੀਅਰ ਵਿਧਾਇਕਾਂ ਨੇ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿਤੇ ਹਨ। ਮੰਤਰੀ ਦੀ ਕੁਰਸੀ 'ਤੇ ਅੱਖ ਰੱਖਣ ਵਾਲਿਆਂ ਵਿਚ ਸਭ ਤੋਂ ਅੱਗੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਹਨ ਜਿਨ•ਾਂ ਨੂੰ ਜਨਵਰੀ 2018 ਵਿਚ ਰੇਤੇ ਦੀਆਂ ਖੱਡਾਂ ਦੀ ਨੀਲਾਮੀ ਪ੍ਰਕਿਰਿਆ ਵਿਚ ਘਪਲੇਬਾਜ਼ੀ ਕਾਰਨ ਅਸਤੀਫ਼ਾ ਦੇਣਾ ਪਿਆ ਸੀ। ਰਾਣਾ ਗੁਰਜੀਤ ਸਿੰਘ ਮੁੜ ਝੰਡੀ ਵਾਲੀ ਕਾਰ ਹਾਸਲ ਕਰਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੇ ਹਨ। ਦੂਜੇ ਪਾਸੇ ਅੰਮ੍ਰਿਤਸਰ ਤੋਂ ਵਿਧਾਇਕ ਅਤੇ ਪੰਜਾਬ ਵੇਅਰਹਾਊਸਿੰਗ ਦੇ ਚੇਅਰਮੈਨ ਰਾਜ ਕੁਮਾਰ ਵੇਰਕਾ ਵੀ ਦੌੜ ਵਿਚ ਸ਼ਾਮਲ ਮੰਨੇ ਜਾ ਰਹੇ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਦੋਆਬੇ ਨਾਲ ਸਬੰਧਤ ਕਿਸੇ ਦਲਿਤ ਜਾਂ ਓ.ਬੀ.ਸੀ ਆਗੂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਕਿਉਂਕਿ ਇਨ•ਾਂ ਸ਼੍ਰੇਣੀਆਂ ਨੂੰ ਕੈਬਨਿਟ ਵਿਚ ਬਣਦੀ ਨੁਮਾਇੰਦਗੀ ਨਹੀਂ ਮਿਲੀ। ਇਸੇ ਦਰਮਿਆਨ ਸੂਤਰਾਂ ਨੇ ਕਿਹਾ ਕਿ ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਤੱਕ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਜਾਵੇਗਾ। ਪੰਜਾਬ ਵਿਚ ਚੱਲ ਰਹੇ ਇਸ ਸਿਆਸੀ ਘਟਨਾਕ੍ਰਮ ਦੌਰਾਨ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਵਿਚ ਇਮਾਨਦਾਰਾਂ ਦੀ ਕਦਰ ਨਹੀਂ ਅਤੇ ਇਸੇ ਕਰ ਕੇ ਸਿੱਧੂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣ ਪਿਆ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.