ਝਾਰਖੰਡ 'ਚ ਭੀੜ ਵੱਲੋਂ 4 ਜਣਿਆਂ ਦਾ ਕੁੱਟ-ਕੁੱਟ ਕੇ ਕਤਲ

ਰਾਂਚੀ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਝਾਰਖੰਡ ਵਿਚ ਇਕ ਵਾਰ ਫਿਰ ਯੋਜਨਾਬੱਧ ਤਰੀਕੇ ਨਾਲ 4 ਜਣਿਆਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਗਈ। ਭੀੜ ਨੇ ਸਭ ਤੋਂ ਪਹਿਲਾਂ ਇਕ ਮਹਿਲਾ 'ਤੇ ਡੈਣ ਹੋਣ ਦਾ ਦੋਸ਼ ਲਾਉਂਦਿਆਂ ਪਹਿਲਾਂ ਉਸ ਨੂੰ ਕੁੱਟਿਆ ਅਤੇ ਫਿਰ ਗਲਾ ਵੱਢ ਦਿਤਾ। ਇਹ ਵਾਰਦਾਤ ਗੁਮਲਾ ਜ਼ਿਲ•ੇ ਦੇ ਸਿਸਕਾਰੀ ਪਿੰਡ ਵਿਚ ਵਾਪਰੀ ਜਿਥੇ ਇਕੱਠੀ ਹੋਈ ਭੀੜ ਨੇ ਐਤਵਾਰ ਵੱਡੇ ਤੜਕੇ ਚਾਰ ਜਣਿਆਂ ਨੂੰ ਘਰੋਂ ਬਾਹਰ ਕੱਢਿਆ ਅਤੇ ਕੁੱਟਮਾਰ ਕਰਨ ਮਗਰੋਂ ਸਾਰਿਆਂ ਦੇ ਗਲੇ ਵੱਢ ਦਿਤੇ। ਕਤਲੇਆਮ ਕਰਨ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਨੇ ਸੁਣਵਾਈ ਕੀਤੀ ਅਤੇ ਚਾਰੋ ਜਣਿਆਂ 'ਤੇ ਜਾਦੂ-ਟੂਣਾ ਕਰਨ ਦਾ ਦੋਸ਼ ਲਾਉਂਦਿਆਂ ਮੌਤ ਦੀ ਸਜ਼ਾ ਸੁਣਾਈ ਗਈ। ਗੁਮਲਾ ਦੇ ਐਸ.ਪੀ. ਅੰਜਨੀ ਕੁਮਾਰ ਝਾਅ ਨੇ ਦੱਸਿਆ ਕਿ ਇਹ ਵਾਰਦਾਤ ਵਹਿਮਾਂ-ਭਰਮਾਂ ਕਾਰਨ ਵਾਪਰੀ। ਪੁਲਿਸ ਨੇ ਮੰਨਿਆ ਕਿ ਇਹ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਕਤਲ ਹਨ। ਘਟਨਾ ਦਾ ਪਤਾ ਲਗਦੇ ਸਾਰੇ ਪੁਲਿਸ ਮੌਕੇ 'ਤੇ ਪੁੱਜੀ ਪਰ ਉਦੋਂ ਤੱਕ ਕਾਤਲ ਫਰਾਰ ਹੋ ਚੁੱਕੇ ਸਨ। ਪੁਲਿਸ ਵੱਲੋਂ ਪਿੰਡ ਦੇ ਸਰਪੰਚ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਝਾਰਖੰਡ ਵਿਚ ਤਬਰੇਜ਼ ਅੰਸਾਰੀ ਨਾਂ ਦੇ ਮੁਸਲਮਾਨ ਨੂੰ ਕੁੱਟ-ਕੁੱਟ ਕੇ ਮਾਰ ਦਿਤਾ ਗਿਆ ਸੀ।

ਹੋਰ ਖਬਰਾਂ »