ਗਿਲੈਮ (ਮੈਨੀਟੋਬਾ) , 26 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਤਿੰਨ ਕਤਲ ਕਰ ਕੇ ਫਰਾਰ ਹੋਏ ਬ੍ਰਿਟਿਸ਼ ਕੋਲੰਬੀਆ ਦੇ ਅੱਲੜਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਮੈਨੀਟੋਬਾ ਦੇ ਗਿਲੈਮ ਕਸਬੇ ਦੀ ਮੁਕੰਮਲ ਘੇਰਾਬੰਦੀ ਕਰ ਦਿਤੀ ਹੈ ਜਦਕਿ ਜੰਗਲੀ ਇਲਾਕਿਆਂ ਵਿਚ ਦੋਹਾਂ ਦੀ ਭਾਲ ਕਰਨ ਵਾਸਤੇ ਡਰੋਨ ਅਤੇ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ। ਆਰ.ਸੀ.ਐਮ.ਪੀ. ਨੇ ਕਿਹਾ ਕਿ 19 ਸਾਲ ਦੇ ਕੈਮ ਮੈਕਲੋਡ ਅਤੇ 18 ਸਾਲ ਦੇ ਬਰਾਇਰ ਸ਼ਮੈਗਲਸਕੀ ਨੂੰ ਆਖਰੀ ਵਾਰ ਗਿਲੈਮ ਕਸਬੇ ਵਿਚ ਵੇਖਿਆ ਗਿਆ ਸੀ ਅਤੇ ਦੋਹਾਂ ਦੇ ਇਸੇ ਇਲਾਕੇ ਵਿਚ ਹੋਣ ਦੇ ਆਸਾਰ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਡੀਆ ਤਾਲਮੇਲ ਅਫ਼ਸਰ ਜੂਲੀ ਕੂਰਸ਼ੈਨ ਨੇ ਦੱਸਿਆ ਕਿ ਇਲਾਕਾ ਬੇਹੱਦ ਚੁਣੌਤੀਆਂ ਵਾਲਾ ਹੈ ਅਤੇ ਇਸ ਕਿਸਮ ਦੇ ਹਾਲਾਤ ਨਾਲ ਨਜਿੱਠਣ ਲਈ ਸਿਖਲਾਈ ਪ੍ਰਾਪਤ ਪੁਲਿਸ ਮੁਲਾਜ਼ਮਾਂ ਨੂੰ ਤਲਾਸ਼ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਗਲੋਬ ਐਂਡ ਦੀ ਮੇਲ ਦੀ ਰਿਪੋਰਟ ਮੁਤਾਬਕ ਸ਼ਮੈਗਲਸਕੀ ਅਤੇ ਮੈਕਲੋਡ ਦੇ ਸੋਸ਼ਲ ਮੀਡੀਆ ਖਾਤਿਆਂ ਤੋਂ ਸੰਕੇਤ ਮਿਲ ਰਹੇ ਹਨ ਕਿ ਦੋਵੇਂ ਜਣੇ ਕੱਟੜਵਾਦੀ ਵਿਚਾਰਧਾਰ ਤੋਂ ਪ੍ਰਭਾਵਤ ਸਨ ਅਤੇ ਇਸ ਨੂੰ ਫੈਲਾਉਣ ਦਾ ਕੰਮ ਵੀ ਕਰ ਰਹੇ ਸਨ।

ਹੋਰ ਖਬਰਾਂ »