ਜਨਤਕ ਤੌਰ 'ਤੇ ਕ੍ਰਿਪਾਨ ਰੱਖਣ ਦੇ ਲੱਗੇ ਦੋਸ਼

ਲੰਡਨ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ) :  ਬਰਤਾਨੀਆ ਦੇ ਬਰਮਿੰਘਮ ਸ਼ਹਿਰ ਵਿਚ ਨਿਹੰਗ ਸਿੰਘ ਦੇ ਬਾਣੇ ਵਿਚ ਸਜੇ ਅਫ਼ਰੀਕੀ ਮੂਲ ਦੇ ਇਕ ਸਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫ਼ਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਫ਼ਰੀਕੀ ਮੂਲ ਦਾ ਸ਼ਖਸ ਸਿਰਫ਼ ਬਾਣੇ ਵਿਚ ਸਜਿਆ ਹੋਇਆ ਸੀ ਜਾਂ ਉਸ ਨੇ ਸਿੱਖ ਧਰਮ ਅਪਣਾਇਆ ਹੋਇਆ ਹੈ। ਇਹ ਘਟਨਾ ਬਰਮਿੰਘਮ ਦੀ ਬੁਲ ਸਟ੍ਰੀਟ ਵਿਚ ਵਾਪਰੀ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 'ਬ੍ਰਿਟਿਸ਼ ਬਾਇ ਪੇਪਰ- ਪੰਜਾਬੀ ਬਾਇ ਨੇਚਰ' ਨਾਂ ਵਾਲੇ ਇਕ ਫੇਸਬੁੱਕ ਪੇਜ 'ਤੇ ਵੀਡੀਓ ਪੋਸਟ ਕਰਦਿਆਂ ਲਿਖਿਆ ਗਿਆ ਕਿ ਪੁਲਿਸ ਨੇ ਕ੍ਰਿਪਾਨ ਧਾਰਨ ਕਰਨ ਦੇ ਦੋਸ਼ ਹੇਠ ਸਿੱਖ ਨੂੰ ਕੀਤਾ ਗ੍ਰਿਫ਼ਤਾਰ। ਵੀਡੀਓ ਵਿਚ ਨਿਹੰਗ ਸਿੰਘਾਂ ਦੇ ਬਾਣੇ ਵਿਚ ਨਜ਼ਰ ਆ ਰਿਹਾ ਸ਼ਖਸ ਅੰਗਰੇਜ਼ੀ ਵਿਚ ਆਪਣੇ ਆਪ ਨੂੰ ਸਿੱਖ ਦੱਸ ਰਿਹਾ ਹੈ ਜਦਕਿ ਪੁਲਿਸ ਅਫ਼ਸਰ ਉਸ ਨੂੰ ਆਤਮ ਸਮਰਪਣ ਕਰਨ ਦੀ ਗੁਜ਼ਾਰਿਸ਼ ਕਰ ਰਿਹਾ ਹੈ। ਸਿੱਖ ਵਿਅਕਤੀ ਲਗਾਤਾਰ ਸਵਾਲ ਕਰ ਰਿਹਾ ਹੈ ਕਿ ਉਸ ਵਿਰੁੱਧ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਉਥੇ ਇਕ ਬੱਸ ਰੁਕਦੀ ਹੈ ਅਤੇ ਸਿੱਖ ਵਿਅਕਤੀ ਬੱਸ ਡਰਾਈਵਰ ਵੱਲ ਇਸ਼ਾਰਾ ਕਰ ਕੇ ਕਹਿੰਦਾ ਹੈ ਕਿ ਭਾਵੇਂ ਇਸ ਨੂੰ ਪੁੱਛ ਲਉ, ਇਹ ਰੋਜ਼ ਮੈਨੂੰ ਗੁਰਦਵਾਰੇ ਵਿਚ ਮਿਲਦਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਬਾਰੇ ਕਈ ਤਰ•ਾਂ ਕੁਮੈਂਟ ਆ ਰਹੇ ਹਨ। ਚੇਤੇ ਰਹੇ ਕਿ ਯੂ.ਕੇ. ਸਰਕਾਰ ਨੇ ਪਿਛਲੇ ਸਮੇਂ ਦੌਰਾਨ ਸਿੱਖਾਂ ਨੂੰ ਵੱਡੀਆਂ ਕ੍ਰਿਪਾਨਾਂ ਧਾਰਨ ਕਰਨ ਦੀ ਇਜਾਜ਼ਤ ਦੇ ਦਿਤੀ ਸੀ।

ਹੋਰ ਖਬਰਾਂ »