ਮੈਦਾਨ ਵਿਚ ਬੱਚਿਆਂ ਨੇ ਖੇਡਣ ਤੋਂ ਕੀਤਾ ਇਨਕਾਰ

ਲੰਡਨ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਯੂ.ਕੇ. ਵਿਚ 10 ਸਾਲ ਦੀ ਸਿੱਖ ਬੱਚੀ ਨੂੰ ਖਾੜਕੂ ਗਰਦਾਨ ਦਿਤਾ ਗਿਆ ਜਦੋਂ ਉਹ ਇਕ ਖੇਡ ਮੈਦਾਨ ਵਿਚ ਹੋਰਨਾਂ ਬੱਚਿਆਂ ਨਾਲ ਖੇਡਣ ਲਈ ਪਹੁੰਚੀ। ਮੈਦਾਨ ਵਿਚ ਮੌਜੂਦ ਬੱਚਿਆਂ ਨੇ ਦਸਤਾਰਧਾਰੀ ਬੱਚੀ ਨਾਲ ਖੇਡਣ ਤੋਂ ਸਾਫ਼ ਨਾਂਹ ਕਰ ਦਿਤੀ। ਇਹ ਘਟਨਾ ਸਾਊਥ ਈਸਟ ਲੰਡਨ ਦੇ ਪਲੰਮਸਟੈਡ ਐਡਵੈਂਚਰ ਪਲੇਅ ਸੈਂਟਰ ਵਿਖੇ ਵਾਪਰੀ ਅਤੇ ਮਾਸੂਮ ਮਨਸਿਮਰ ਕੌਰ ਕੁਝ ਨਾ ਕਰ ਸਕੀ। ਮਨਸਿਮਰ ਕੌਰ ਨੇ ਆਪਣਾ ਰੋਸ ਜ਼ਾਹਰ ਕਰਨ ਲਈ ਇਕ ਵੀਡੀਓ ਟਵਿਟਰ 'ਤੇ ਅਪਲੋਡ ਕੀਤੀ ਜਿਸ ਵਿਚ ਉਸ ਨੇ ਕਿਹਾ, ''ਭਾਵੇਂ ਮੇਰਾ ਦਿਲ ਟੁੱਟ ਚੁੱਕਾ ਸੀ ਪਰ ਮੈਂ ਬਗ਼ੈਰ ਸਿਰ ਝੁਕਾਏ ਮੈਦਾਨ ਵਿਚੋਂ ਬਾਹਰ ਆ ਗਈ।'' ਸਿਰਫ਼ ਇਥੇ ਹੀ ਬੱਸ ਨਹੀਂ ਮਨਸਿਮਰ ਕੌਰ ਅਗਲੇ ਦਿਨ ਫਿਰ ਮੈਦਾਨ ਵਿਚ ਗਈ ਅਤੇ 9 ਸਾਲ ਦੀ ਇਕ ਬੱਚੀ ਨੂੰ ਆਪਣੀ ਸਹੇਲੀ ਬਣਾ ਲਿਆ। ਦੋਵੇਂ ਜਣੀਆਂ ਇਕ ਘੰਟੇ ਤੱਕ ਇਕੱਠੇ ਖੇਡੀਆਂ ਪਰ ਅਚਾਨਕ ਮਨਸਿਮਰ ਦੀ ਸਹੇਲੀ ਦੀ ਮਾਂ ਆਈ ਅਤੇ ਉਸ ਦੀ ਬਾਂਹ ਫੜ ਕੇ ਲੈ ਗਈ। ਬੱਚੀ ਦੀ ਮਾਂ ਕਹਿ ਰਹੀ ਸੀ, ''ਤੂੰ ਇਸ ਨਾਲ ਨਹੀਂ ਖੇਡ ਸਕਦੀ ਕਿਉਂਕਿ ਇਹ ਬਹੁਤ ਖ਼ਤਰਨਾਕ ਨਜ਼ਰ ਆਉਂਦੀ ਹੈ।''

ਹੋਰ ਖਬਰਾਂ »