ਜੁਲਾਈ ਵਿਚ ਅਰਥਚਾਰੇ ਨੂੰ ਹੋਇਆ 24 ਹਜ਼ਾਰ ਨੌਕਰੀਆਂ ਦਾ ਨੁਕਸਾਨ

ਟੋਰਾਂਟੋ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਅਰਥਚਾਰੇ ਨੂੰ ਜੁਲਾਈ ਵਿਚ 24 ਹਜ਼ਾਰ ਨੌਕਰੀਆਂ ਦਾ ਨੁਕਸਾਨ ਹੋਇਆ ਅਤੇ ਬੇਰੁਜ਼ਗਾਰੀ ਦੀ ਘਰ ਵਧ ਕੇ 5.7 ਫ਼ੀ ਸਦੀ ਹੋ ਗਈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਐਲਬਰਟਾ, ਨੋਵਾ ਸਕੋਸ਼ੀਆ ਅਤੇ ਨਿਊ ਬ੍ਰਨਜ਼ਵਿਕ ਰਾਜਾਂ ਨੂੰ ਨੌਕਰੀਆਂ ਗਵਾਉਣੀਆਂ ਪਈਆਂ ਜਦਕਿ ਕਿਊਬਿਕ ਅਤੇ ਪ੍ਰਿੰਸ ਐਡਵਰਡ ਆਇਲੈਂਡ ਵਿਖੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ। ਜੁਲਾਈ ਦੇ ਅੰਕੜਿਆਂ ਮੁਤਾਬਕ ਰੁਜ਼ਗਾਰ ਦੇ 11 ਹਜ਼ਾਰ ਨਵੇਂ ਮੌਕੇ ਪੈਦਾ ਹੋਏ ਪਰ ਨੌਕਰੀਆਂ ਖ਼ਤਮ ਹੋਣ ਦਾ ਅੰਕੜਾ ਦੁੱਗਣੇ ਤੋਂ ਜ਼ਿਆਦਾ ਹੋਣ ਕਾਰਨ ਬੇਰੁਜ਼ਗਾਰੀ ਦੀ ਦਰ ਵਿਚ 0.2 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਕੈਨੇਡਾ ਦੇ ਅਰਥਚਾਰੇ ਨੇ ਜੁਲਾਈ ਵਿਚ 12 ਹਜ਼ਾਰ ਫੁਲ ਟਾਈਮ ਨੌਕਰੀਆਂ ਗਵਾਈਆਂ ਜਦਕਿ ਪਾਰਟ ਟਾਈਮ ਨੌਕਰੀਆਂ ਦਾ ਅੰਕੜਾ ਇਸ ਤੋਂ ਜ਼ਿਆਦਾ ਰਿਹਾ। ਟੀ.ਡੀ. ਬੈਂਕ ਦੇ ਆਰਥਿਕ ਮਾਹਰ ਬਰਾਇਨ ਡਿਪ੍ਰੈਟੋ ਨੇ ਕਿਹਾ ਕਿ ਭਾਵੇਂ ਜੁਲਾਈ ਦੇ ਅੰਕੜੇ ਖ਼ੁਸ਼ਗਵਾਰ ਨਜ਼ਰ ਨਹੀਂ ਆਉਂਦੇ ਪਰ ਪਿਛਲੇ 12 ਮਹੀਨੇ ਦਾ ਲੇਖਾ-ਜੋਖਾ ਦਰਸਾਉਂਦਾ ਹੈ ਕਿ ਕੈਨੇਡਾ ਦੇ ਅਰਥਚਾਰੇ ਵਿਚ 3 ਲੱਖ 53 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ। ਫਿਰ ਵੀ ਬਰਾਇਨ ਨੇ ਪ੍ਰਵਾਨ ਕੀਤਾ ਕਿ ਲਗਾਤਾਰ ਤੀਜੇ ਮਹੀਨੇ ਰੁਜ਼ਗਾਰ ਖੇਤਰ ਨੂੰ ਢਾਹ ਵਾਲੀ ਰਿਪੋਰਟ ਆਈ ਹੈ। ਉਨ•ਾਂ ਦੱਸਿਆ ਕਿ ਪਿਛਲੇ 12 ਮਹੀਨੇ ਦੌਰਾਨ ਕੈਨੇਡੀਅਨ ਕਿਰਤੀਆਂ ਦੇ ਮਿਹਨਤਾਨੇ ਵਿਚ 4.5 ਫ਼ੀ ਸਦੀ ਵਾਧਾ ਹੋਇਆ ਜੋ ਪਿਛਲੇ ਇਕ ਦਹਾਕੇ ਦੀ ਸਭ ਤੋਂ ਤੇਜ਼ ਰਫ਼ਤਾਰ ਮੰਨੀ ਜਾ ਸਕਦੀ ਹੈ। ਉਧਰ ਰੁਜ਼ਗਾਰ ਫ਼ਰਮ, ਇੰਡੀਡ ਕੈਨੇਡਾ ਦੇ ਆਰਥਿਕ ਮਾਹਰ ਬਰੈਂਡਨ ਬਰਨਾਰੜ ਨੇ ਵੱਖਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਰੁਜ਼ਗਾਰ ਖੇਤਰ ਦੇ ਅੰਕੜਿਆਂ ਨੂੰ ਜ਼ਿਆਦਾ ਮਜ਼ਬੂਤ ਸੰਕੇਤ ਨਹੀਂ ਮੰਨਿਆ ਜਾ ਸਕਦਾ।

ਹੋਰ ਖਬਰਾਂ »