ਨਵੇਂ ਆਗੂ ਦੀ ਚੋਣ ਤੱਕ ਕਾਰਜਕਾਰੀ ਪ੍ਰਧਾਨ ਰਹਿਣਗੇ

ਨਵੀਂ ਦਿੱਲੀ, 11 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਮੁਸ਼ਕਲ ਦੌਰ ਵਿਚੋਂ ਲੰਘ ਰਹੀ ਕਾਂਗਰਸ ਨੂੰ ਬਚਾਉਣ ਲਈ ਸੋਨੀਆ ਗਾਂਧੀ ਨੇ 20 ਮਹੀਨੇ ਮਗਰੋਂ ਪਾਰਟੀ ਦੀ ਕਮਾਨ ਮੁੜ ਆਪਣੇ ਹੱਥਾਂ ਵਿਚ ਲੈ ਲਈ ਹੈ। ਸ਼ਨਿੱਚਰਵਾਰ ਦੇਰ ਰਾਤ ਕਾਂਗਰਸ ਵਰਕਿੰਗ ਕਮੇਟੀ ਨੇ ਉਨਾਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿਤਾ। ਇਸ ਤੋਂ ਪਹਿਲਾਂ ਦਿਨ ਭਰ ਚੱਲੇ ਨਾਟਕੀ ਘਟਨਾਕ੍ਰਮ ਦੌਰਾਲ ਰਾਹੁਲ ਗਾਂਧੀ ਨੇ ਦੋ ਵਾਰ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਵਾਪਸ ਲੈਣ ਤੋਂ ਨਾਂਹ ਕਰ ਦਿਤੀ। ਕਈ ਘੰਟੇ ਤੱਕ ਵਿਚਾਰ ਵਟਾਂਦਰੇ ਮਗਰੋਂ ਕਾਂਗਰਸ ਵਰਕਿੰਗ ਕਮੇਟੀ ਨੇ ਕਿਹਾ ਕਿ ਰਾਤ 9 ਵਜੇ ਨਵੇਂ ਪ੍ਰਧਾਨ ਦਾ ਐਲਾਨ ਕਰ ਦਿਤਾ ਜਾਵੇਗਾ ਅਤੇ ਪ੍ਰਧਾਨਗੀ ਦੀ ਦੌੜ ਵਿਚ ਮੁਕੁਲ ਵਾਸਨਿਕ ਤੇ ਮਲਿਕਾਰਜੁਨ ਖੜਗੇ ਨੂੰ ਮੋਹਰੀ ਮੰਨਿਆ ਜਾ ਰਿਹਾ ਸੀ ਪਰ ਕਿਸੇ ਨਾਂ ਉਪਰ ਸਰਬਸੰਮਤੀ ਕਾਇਮ ਨਾ ਹੋ ਸਕੀ ਅਤੇ ਦੇਰ ਰਾਤ 11 ਵਜੇ ਸੋਨੀਆ ਗਾਂਧੀ ਨੂੰ ਕਾਰਜਕਾਰੀ ਪ੍ਰਧਾਨ ਥਾਪ ਦਿਤਾ ਗਿਆ। ਸੋਨੀਆ ਗਾਂਧੀ ਦੀ ਨਿਯੁਕਤੀ ਕਾਂਗਰਸ ਦੇ ਮਹਾਂਇਜਲਾਸ ਤੱਕ ਕੀਤੀ ਗਈ ਹੈ ਜਦੋਂ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਕਾਂਗਰਸੀ ਨਵੇਂ ਆਗੂ ਦੀ ਚੋਣ ਕਰਨ ਦੀ ਕੋਸ਼ਿਸ਼ ਕਰਨਗੇ। ਸੋਨੀਆ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕਾਂਗਰਸ ਨੂੰ ਮੁੜ ਬੁਲੰਦੀਆਂ ਉੱਤੇ ਲਿਜਾਣ ਦੇ ਸਮਰੱਥ ਹਨ। 

ਹੋਰ ਖਬਰਾਂ »