ਪੁਲਿਸ ਨੇ ਦੋ ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

ਲਾਹੌਰ, 11 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਲਾਹੌਰ ਵਿਚ ਲੱਗੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਖ਼ਬਰ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਗੁੱਸੇ ਦੋ ਜਣਿਆਂ ਨੇ ਬੁੱਤ ਦੀ ਭੰਨ-ਤੋੜ ਕੀਤੀ ਜਿਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੌਲਾਨਾ ਖੈਮ ਰਿਜ਼ਕੀ ਦੀ ਜਥੇਬੰਦੀ ਤਹਿਰੀਕ ਏ ਲਬਾਇਕ ਨਾਲ ਸਬੰਧਤ ਦੱਸੇ ਜਾ ਰਹੇ ਹਨ ਜਿਨਾਂ ਵਿਰੁੱਧ ਕੁਫ਼ਰ ਢਾਹੁਣ ਦੇ ਦੋਸ਼ ਆਇਦ ਕੀਤੇ ਗਏ ਹਨ। ਦੱਸ ਦੇਈਏ ਕਿ ਲਾਹੌਰ ਦੇ ਕਿਲੇ ਵਿਚ ਲਾਇਬ੍ਰੇਰੀ ਦੇ ਬਾਹਰ ਮਹਾਰਾਜਾ ਰਣਜੀਤ ਸਿੰਘ ਦਾ 9 ਫੁੱਟ ਉਚਾ ਬੁੱਤ ਲੱਗਿਆ ਹੋਇਆ ਹੈ ਜਿਸ ਦੀ ਮੁਰੰਮਤ ਦਾ ਕੰਮ ਸੋਮਵਾਰ ਨੂੰ ਈਦ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ। ਲਾਹੌਰ ਪ੍ਰਸ਼ਾਸਨ ਦੀ ਤਰਜਮਾਨ ਤਾਨੀਆ ਕੁਰੈਸ਼ੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਕਿਹਾ ਕਿ ਕਿਲੇ ਦੇ ਆਲੇ-ਦੁਆਲੇ ਸੁਰੱਖਿਆ ਬੰਦੋਬਸਤ ਸਖ਼ਤ ਕੀਤੇ ਜਾ ਰਹੇ ਹਨ ਅਤੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਭਵਿੱਖ ਵਿਚ ਅਜਿਹੀ ਘਟਨਾ ਸਾਹਮਣੇ ਨਾ ਆਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.