ਸੁਰੱਖਿਆ ਬਲਾਂ ਵੱਲੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ

ਸ੍ਰੀਨਗਰ, 11 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਸ੍ਰੀਨਗਰ ਵਿਖੇ ਐਤਵਾਰ ਨੂੰ ਮੁੜ ਕਰਫ਼ਿਊ ਲਾ ਦਿਤਾ ਗਿਆ ਜਿਸ ਤੋਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਦਾਅਵੇ ਵਿਚ ਦਮ ਨਜ਼ਰ ਆਇਆ ਕਿ ਜੰਮੂ-ਕਸ਼ਮੀਰ ਵਿਚ ਹਾਲਾਤ ਵਿਗੜ ਰਹੇ ਹਨ। ਇਸ ਦੇ ਉਲਟ ਕੇਂਦਰ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਕਸ਼ਮੀਰ ਦੇ ਹਾਲਾਤ ਪੂਰੀ ਤਰ•ਾਂ ਸ਼ਾਂਤਮਈ ਹਨ ਅਤੇ ਪਿਛਲੇ ਛੇ ਦਿਨ ਤੋਂ ਇਕ ਵੀ ਗੋਲੀ ਨਹੀਂ ਚੱਲੀ। ਐਨ.ਡੀ.ਟੀ.ਵੀ. ਦੀ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਪੁਲਿਸ ਦੀਆਂ ਗੱਡੀਆਂ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਘਰ ਵਾਪਸ ਜਾਣ ਲਈ ਆਖ ਰਹੀਆਂ ਹਨ ਜਦਕਿ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਹਦਾਇਤ ਦਿਤੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸ੍ਰੀਨਗਰ ਅਤੇ ਬਾਰਾਮੂਲਾ ਵਿਖੇ ਮਾਮੂਲੀ ਰੋਸ ਵਿਖਾਵੇ ਹੋਏ ਅਤੇ ਕਿਸੇ ਵਿਚ ਵੀ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਸਨ। ਚੇਤੇ ਰਹੇ ਕਿ ਬੀ.ਬੀ.ਸੀ. ਦੀ ਰਿਪੋਰਟ ਵਿਚ ਸ੍ਰੀਨਗਰ ਵਿਖੇ ਵੱਡਾ ਇਕੱਠ ਹੋਣ ਦਾ ਜ਼ਿਕਰ ਕੀਤਾ ਗਿਆ ਜਿਸ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ। ਪਰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਇਸ ਰਿਪੋਰਟ ਨੂੰ ਖ਼ਾਰਜ ਕਰਦਿਆਂ ਇਸ ਨੂੰ ਗ਼ਲਤ ਕਰਾਰ ਦਿਤਾ। ਰਾਹੁਲ ਗਾਂਧੀ ਦੇ ਦਾਅਵੇ ਬਾਰੇ ਪੁੱਛੇ ਜਾਣ 'ਤੇ ਜੰਮੂ-ਕਸ਼ਮੀਰ ਪੁਲਿਸ ਦੇ ਮੁਖੀ ਦਿਲਬਾਗ ਸਿੰਘ ਨੇ ਕਿਹਾ ਕਿ ਪਥਰਾਅ ਦੀ ਮਾਮੂਲੀ ਘਟਨਾ ਤੋਂ ਇਲਾਵਾ ਕੋਈ ਵੀ ਅਣਸੁਖਾਵੀਂ ਵਾਰਦਾਤ ਸਾਹਮਣੇ ਨਹੀਂ ਆਈ।

ਹੋਰ ਖਬਰਾਂ »