ਰੌਜਰਜ਼ ਕੱਪ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ

ਟੋਰਾਂਟੋ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਬਿਆਂਕਾ ਆਂਦਰੀਸਕੂ ਨੇ ਰੌਜਰਜ਼ ਕੱਪ ਜਿੱਤ ਕੇ ਇਤਿਹਾਸ ਸਿਰਜ ਦਿਤਾ ਅਤੇ ਪਿਛਲੇ 50 ਸਾਲ ਵਿਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਕੈਨੇਡੀਅਨ ਬਣ ਗਈ। ਬਿਆਂਕਾ ਨੇ ਫ਼ਾਈਨਲ ਵਿਚ ਅਮਰੀਕਾ ਦੀ ਉਚ ਦਰਜਾ ਪ੍ਰਾਪਤ ਟੈਨਿਸ ਖਿਡਾਰਨ ਸੈਰੇਨਾ ਵਿਲੀਅਮਜ਼ ਨੂੰ ਹਰਾਇਆ ਜਿਸ ਨੂੰ ਸਿਹਤ ਕਾਰਨਾਂ ਕਰ ਕੇ ਮੈਚ ਵਿਚਾਲੇ ਛੱਡਣਾ ਪਿਆ। ਬਿਆਂਕਾ ਨੂੰ ਜਿਉਂ ਹੀ ਪਤਾ ਲੱਗਾ ਕਿ ਸੈਰੇਨਾ ਵਿਲੀਅਮਜ਼ ਮੈਚ ਵਿਚਾਲੇ ਛੱਡ ਰਹੀ ਹੈ ਤਾਂ ਉਹ ਤੁਰਤ ਉਸ ਕੋਲ ਗਈ ਅਤੇ ਆਪਣੀ ਸੀਨੀਅਰ ਖਿਡਾਰਨ ਦੀ ਹੌਸਲਾ ਅਫ਼ਜ਼ਾਈ ਕੀਤੀ। ਮੈਚ ਦੇ ਪਹਿਲੇ ਸੈਟ ਵਿਚ ਬਿਆਂਕਾ 3-1 ਨਾਲ ਅੱਗੇ ਚੱਲ ਰਹੀ ਸੀ ਜਦੋਂ ਵਿਲੀਅਮਜ਼ ਨੂੰ ਮੈਡੀਕਲ ਸਹਾਇਤਾ ਦੇਣ ਖਾਤਰ ਖੇਡ ਰੋਕਣੀ ਪਈ। ਕੁਝ ਹੀ ਪਲਾਂ ਮਗਰੋਂ ਮੁੱਖ ਅੰਪਾਇਰ ਨੇ ਵਿਲੀਅਮਜ਼ ਦੇ ਮੈਚ ਖੇਡਣ ਤੋਂ ਅਸਮਰੱਥ ਹੋਣ ਦਾ ਐਲਾਨ ਕਰ ਦਿਤਾ। 37 ਸਾਲ ਦੀ ਸੈਰੇਨਾ ਵਿਲੀਅਮਜ਼ ਨੇ 19 ਸਾਲ ਦੀ ਬਿਆਂਕਾ ਆਂਦਰੀਸਕੂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਇਕ ਚੰਗੀ ਖਿਡਾਰਨ ਹੀ ਨਹੀਂ ਸਗੋਂ ਇਕ ਨੇਕ ਦਿਲ ਇਨਸਾਨ ਵੀ ਹੈ। ਮਿਸੀਸਾਗਾ ਦੇ ਵਸਨੀਕ ਬਿਆਂਕਾ ਨੇ ਕਿਹਾ ਕਿ ਕੈਨੇਡਾ ਦਾ ਸਭ ਤੋਂ ਵੱਡਾ ਟੈਨਿਸ ਖਿਤਾਬ ਆਪਣੇ ਨਾਂ ਕਰਦਿਆਂ ਬੇਹੱਦ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਆਂਕਾ ਨੂੰ ਜਿੱਤ 'ਤੇ ਵਧਾਈ ਦਿਤੀ।

ਹੋਰ ਖਬਰਾਂ »