ਵੱਡੇ ਇਕੱਠ ਕਰਨ 'ਤੇ ਰਹੀ ਪਾਬੰਦੀ

ਸ੍ਰੀਨਗਰ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਧਾਰਾ 370 ਖ਼ਤਮ ਹੋਣ ਮਗਰੋਂ ਕਸ਼ਮੀਰੀ ਲੋਕਾਂ ਨੇ ਪਹਿਲੀ ਈਦ ਬੰਦੂਕਾਂ ਦੇ ਪਰਛਾਵੇਂ ਹੇਠ ਮਨਾਈ। ਵੱਡੇ ਇਕੱਠ ਕਰਨ 'ਤੇ ਪਾਬੰਦੀ ਕਾਰਨ ਛੋਟੀਆਂ ਮਸਜਿਦਾਂ ਵਿਚ ਨਮਾਜ਼ ਅਦਾ ਕੀਤੀ ਗਈ ਅਤੇ ਇਸ ਦੌਰਾਨ ਵਾਦੀ ਵਿਚ ਪਥਰਾਅ ਤੇ ਰੋਸ ਵਿਖਾਵਿਆਂ ਦੀਆਂ ਇਕਾ-ਦੁਕਾ ਘਟਨਾਵਾਂ ਵੀ ਵੇਖਣ ਨੂੰ ਮਿਲੀਆਂ। ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਕਿ ਅਤਿਵਾਦੀਆਂ ਦੁਆਰਾ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਖਦਸ਼ੇ ਕਾਰਨ ਸੰਵੇਦਨਸ਼ੀਲ ਇਲਾਕਿਆਂ ਵਿਚ ਵੱਡੇ ਇਕੱਠ ਕਰਨ 'ਤੇ ਬੰਦਿਸ਼ਾਂ ਲਾਗੂ ਕੀਤੀਆਂ ਗਈਆਂ। ਬਿਆਨ ਮੁਤਾਬਕ ਕਸ਼ਮੀਰ ਦੇ ਲੋਕਾਂ ਨੇ ਮੁਹੱਲਿਆਂ ਵਿਚ ਸਥਿਤ ਛੋਟੀਆਂ ਮਸਜਿਦਾਂ ਵਿਚ ਨਮਾਜ਼ ਅਦਾ ਕੀਤੀ। ਰੋਸ ਵਿਖਾਵਿਆਂ ਦੀਆਂ ਘਟਨਾਵਾਂ ਨੂੰ ਤਵੱਜੋ ਨਾ ਦਿੰਦਿਆਂ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ ਕਿਸਮ ਦੀਆਂ ਘਟਨਾਵਾਂ ਕਸ਼ਮੀਰ ਵਿਚ ਨਵੀਂ ਗੱਲ ਨਹੀਂ। ਬੁਲਾਰੇ ਨੇ ਦਾਅਵਾ ਕੀਤਾ ਕਿ ਵਿਖਾਵਾਕਾਰੀਆਂ ਵਿਰੁੱਧ ਕੀਤੀ ਕਾਰਵਾਈ ਦੌਰਾਨ ਕੁਝ ਲੋਕ ਜ਼ਖ਼ਮੀ ਹੋਏ ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਵਿਖਾਵਾਕਾਰੀਆਂ ਵਿਰੁੱਧ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਗਈ।

ਹੋਰ ਖਬਰਾਂ »