ਪ੍ਰੀਮੀਅਰ ਨੇ ਨੀਨਾ ਤਾਂਗੜੀ ਦੇ ਕਮਿਊਨਿਟੀ ਬਾਰਬੀਕਿਊ 'ਚ ਕੀਤੀ ਸ਼ਿਰਕਤ

ਮਿਸੀਸਾਗਾ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ-ਸਟ੍ਰੀਟਸਵਿਲ ਤੋਂ ਵਿਧਾਇਕ ਨੀਨਾ ਤਾਂਗੜੀ ਵੱਲੋਂ ਸਾਲਾਨਾ ਬਾਰਬੀਕਿਊ ਕਰਵਾਇਆ ਗਿਆ ਜਿਸ ਵਿਚ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਅਤੇ ਇਲਾਕੇ ਦੇ ਵਿਧਾਇਕਾਂ ਨੇ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ। ਪ੍ਰੀਮੀਅਰ ਡਗ ਫ਼ੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀ.ਸੀ. ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲਣ ਮਗਰੋਂ ਨੀਤੀਆਂ ਵਿਚ ਹਾਂਪੱਖੀ ਤਬਦੀਲੀਆਂ ਲਿਆਂਦੀਆਂ। ਡਗ ਫ਼ੋਰਡ ਨੇ ਦਾਅਵਾ ਕੀਤਾ ਕਿ ਉਨਟਾਰੀਓ ਲਗਾਤਾਰ ਖ਼ੁਸ਼ਹਾਲੀ ਵੱਲ ਵਧ ਰਿਹਾ ਹੈ ਅਤੇ ਸੂਬੇ ਦੀ ਆਰਥਿਕਤਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉਨਾਂ ਕਿਹਾ ਕਿ 20 ਵਿਦਿਆਰਥੀਆਂ ਨੂੰ ਮਿਸੀਸਾਗਾ ਦੀ ਲਾਈਫ਼ ਸਾਇੰਸਿਜ਼ ਕੰਪਨੀਆਂ ਵੱਲੋਂ 4-4 ਹਜ਼ਾਰ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ ਜੋ ਨੀਨਾ ਤਾਂਗੜੀ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ ਹੈ। ਸਕੌਲਰਸ਼ਿਪਸ ਰਾਹੀਂ ਨੌਜਵਾਨਾਂ ਦੀ ਜ਼ਿੰਦਗੀ ਬਦਲ ਜਾਵੇਗੀ ਅਤੇ ਉਨਾਂ ਨੂੰ ਲਗਾਤਾਰ ਅੱਗੇ ਵਧਣ ਦਾ ਮੌਕਾ ਮਿਲੇਗਾ। ਡਗ ਫ਼ੋਰਡ ਨੇ ਕਿਹਾ ਕਿ ਉਹ ਮਿਸੀਸਾਗਾ ਵਿਚ ਨਵੀਆਂ ਕੰਪਨੀਆਂ ਲਿਆਉਣ ਲਈ ਨੀਨਾ ਤਾਂਗੜੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੇ ਹਨ। ਉਨਾਂ ਦਲੀਲ ਦਿਤੀ ਕਿ ਪੀ.ਸੀ. ਪਾਰਟੀ ਦੀ ਸਰਕਾਰ ਉਨਟਾਰੀਓ ਦੇ ਲੋਕਾਂ ਦੀ ਭਲਾਈ ਵਾਸਤੇ ਲਗਾਤਾਰ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਕਈ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਨੀਨਾ ਤਾਂਗੜੀ ਨੇ ਪ੍ਰੀਮੀਅਰ ਡਗ ਫ਼ੌਰਡ ਅਤੇ ਕਮਿਊਨਿਟੀ ਮੈਂਬਰਾਂ ਦਾ ਸ਼ੁਕਰੀਆ ਅਦਾ ਕੀਤਾ ਜਿਨ•ਾਂ ਨੇ ਬਾਰਬੀਕਿਊ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਪਾਇਆ।

ਹੋਰ ਖਬਰਾਂ »