ਚੰਡੀਗੜ੍ਹ, 14 ਅਗਸਤ, ਹ.ਬ. : ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਨਸ਼ਿਆਂ ਨੂੰ ਪ੍ਰੋਤਸ਼ਾਹਤ ਕਰਨ ਵਾਲੇ ਕਲਾਕਾਰਾਂ ਦੇ ਖ਼ਿਲਾਫ਼ ਸਰਕਾਰ ਜਲਦ ਸਖ਼ਤ ਕਾਨੂੰਨ ਲਿਆਉਣ ਜਾ ਰਹੀ ਹੈ। ਉਨ੍ਹਾਂ ਨੇ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਫ਼ਿਲਮਾਂ ਅਤੇ ਗੀਤਾਂ ਦੇ ਜ਼ਰੀਏ ਪੰਜਾਬ ਦੀ ਸੋਹਣੀ ਤਸਵੀਰ ਪੇਸ਼ ਕਰਨ ਤਾਕਿ ਸੈਰ ਸਪਾਟੇ ਨੂੰ ਬੜਾਵਾ ਮਿਲ ਸਕੇ। ਗਾਇਕ ਪਰਮਜੀਤ ਸਿੰਘ ਪੰਮੀ ਬਾਈ ਨੇ ਮੰਗਲਵਾਰ ਨੂੰ ਇਸ ਸਬੰਧ ਵਿਚ ਸੈਰ ਸਪਾਟਾ ਮੰਤਰੀ ਨਾਲ ਮੁਲਾਕਾਤ ਕੀਤੀ।  ਚੰਨੀ ਨੇ ਨਸ਼ੇ ਦੀ ਦਲਦਲ ਵਿਚ ਫਸੀ ਨੌਜਵਾਨ ਪੀੜ੍ਹੀ ਨੂੰ ਲੈ ਕੇ ਚਿੰਤਾ ਜਤਾਈ।  ਉਨ੍ਹਾਂ ਨੇ ਕਿਹਾ ਕਿ ਪੰਜਾਬੀ ਕਲਾਕਾਰਾਂ ਨੇ ਫਿਲਮਾਂ ਅਤੇ ਗੀਤਾਂ ਦੇ ਜ਼ਰੀਏ ਨਸ਼ਿਆਂ ਨੂੰ ਕਾਫੀ ਉਤਸ਼ਾਹਤ ਕੀਤਾ ਹੈ। ਨੌਜਵਾਨ ਇਨ੍ਹਾਂ ਅਪਣਾ ਰੋਲ ਮਾਡਲ ਮੰਨਦੇ ਹਨ।  ਇਨ੍ਹਾਂ ਦੇ ਗੀਤ ਅਤੇ ਫ਼ਿਲਮਾਂ ਦੇਖ ਕੇ ਨਸ਼ਿਆਂ ਵੱਲ ਆਕਰਸ਼ਿਤ ਹੋ ਜਾਂਦੇ ਹਨ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਕਲਾਕਾਰ ਨੌਜਵਾਨਾਂ ਨੂੰ ਕਿਸੇ ਗਲਤ ਕੰਮ ਵੱਲ ਪ੍ਰੋਤਸ਼ਾਹਤ ਨਾ ਕਰਨ। ਜੇਕਰ ਕਲਾਕਾਰ ਪੰਜਾਬ ਦੀ ਵਧੀਆ ਤਸਵੀਰ ਪੇਸ਼ ਕਰਨਗੇ ਤਾਂ ਸੈਰ ਸਪਾਟੇ ਨੂੰ ਵੀ ਬੜਾਵਾ ਮਿਲੇਗਾ। ਇਸੇ ਤਰ੍ਹਾਂ ਪੰਮੀ ਬਾਈ ਨੇ ਕਿਹਾ ਕਿ ਪੰਜਾਬੀ ਗਾਇਕੀ ਦੁਆਰਾ ਫੈਲਾਏ ਜਾ ਰਹੇ  ਸਭਿਆਚਾਰਕ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ। ਨਸ਼ਿਆਂ ਨੂੰ ਪ੍ਰੋਤਸ਼ਾਹਤ ਕਰਨ ਵਾਲੇ ਗਾਇਕਾਂ ਖ਼ਿਲਾਫ਼ ਸਖ਼ਤ ਕਦਮ ਚੁੱਕਣ ਵਿਚ ਉਹ ਸਰਕਾਰ ਦੇ ਨਾਲ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਕਲਾਕਾਰਾਂ ਦਾ ਬਾਈਕਾਟ ਕੀਤਾ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.