ਲੰਡਨ, 14 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਤਰਨ ਕੌਰ ਢਿੱਲੋਂ ਉਰਫ਼ ਹਾਰਡ ਕੌਰ ਦਾ ਟਵਿਟਰ ਅਕਾਊਂਟ ਮੁਅੱਤਲ ਕਰ ਦਿਤਾ ਗਿਆ ਜਦੋਂ ਰੈਪ ਗਾਇਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਨੁਕਤਾਚੀਨੀ ਵਾਲੀ ਵੀਡੀਓ ਅਪਲੋਡ ਕਰ ਦਿਤੀ। ਹਾਰਡ ਕੌਰ ਨੇ ਸਵਾ ਦੋ ਮਿੰਟ ਦਾ ਵੀਡੀਓ ਕਲਿੱਪ ਸ਼ੇਅਰ ਕੀਤਾ ਜਿਸ ਵਿਚ ਉਹ ਤਿੰਨ ਖ਼ਾਲਿਸਤਾਨ ਹਮਾਇਤੀਆਂ ਨਾਲ ਨਜ਼ਰ ਆਈ ਅਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਚੁਣੌਤੀ ਦਿਤੀ। ਵੀਡੀਓ ਵਿਚ ਕਿਹਾ ਗਿਆ ਕਿ 15 ਮੁਲਕਾਂ ਵਿਚ ਖ਼ਾਲਿਸਤਾਨ ਦੀ ਝੰਡਾ ਲਹਿਰਾਇਆ ਜਾਵੇਗਾ ਜੇ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ। ਭਾਰਤੀ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਬੇਹੱਦ ਵਾਇਰਲ ਹੋ ਗਈ। ਹਾਰਡ ਨੇ ਆਪਣੇ ਆਉਣ ਵਾਲੇ ਗੀਤ 'ਅਸੀਂ ਹਾਂ ਯੋਧੇ' ਨਾਲ ਸਬੰਧਤ ਇਕ ਕਲਿੱਪ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ। ਚੇਤੇ ਰਹੇ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਹਾਰਡ ਕੌਰ ਨੇ ਭਾਰਤੀ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਇਆ। ਬੀਤੇ ਜੂਨ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਾਨਾਥ ਅਤੇ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਬਾਰੇ ਸੋਸ਼ਲ ਮੀਡੀਆਂ 'ਤੇ ਕੀਤੀਆਂ ਟਿੱਪਣੀਆਂ ਕਾਰਨ ਹਾਰਡ ਕੌਰ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹਾਰਡ ਕੌਰ, ਯੂ.ਕੇ. ਵਿਚ ਰਹਿ ਰਹੀ ਹੈ ਅਤੇ ਫ਼ਿਊਚਰ ਰਿਕਾਰਡਜ਼ ਇੰਡੀਆ ਨਾਂ ਦੀ ਮਿਊਜ਼ਿਕ ਫ਼ਰਮ ਚਲਾਉਂਦੀ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.