ਚੰਡੀਗੜ੍ਹ, 15 ਅਗਸਤ, ਹ.ਬ. : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੂਬੇ ਵਿਚ ਭੇਤਭਰੀ ਹਾਲਤ ਵਿਚ ਹੋ ਰਹੀਆਂ ਹਿਰਾਸਤੀ ਮੌਤਾਂ ਤੇ ਖੁਦਕੁਸ਼ੀਆਂ ਦੀ ਸਮਾਂਬੱਧ ਸੀਬੀਆਈ ਜਾਂਚ ਮੰਗੀ ਹੈ। ਸ੍ਰੀ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਜੇਲ੍ਹਾਂ ਤੇ ਪੁਲਿਸ ਹਿਰਾਸਤਾਂ ਵਿਚ ਡੇਢ ਦਰਜਨ ਤੋਂ ਵਧ ਮੌਤਾਂ ਹੋ ਚੁੱਕੀਆਂ ਹਨ। ਮਰਨ ਵਾਲਿਆਂ ਵਿਚ ਬਹੁਤੇ ਹਿਰਾਸਤੀ ਨਸ਼ਾ ਤਸਕਰੀ ਵਰਗੇ ਸੰਗੀਨ ਜੁਰਮਾਂ ਦਾ ਸਾਹਮਣਾ ਕਰ ਰਹੇ ਹਨ। ਅੰਮ੍ਰਿਤਸਰ ਵਿਚ ਏਐਸਆਈ ਅਵਤਾਰ ਸਿੰਘ ਵਲੋਂ ਹਿਰਾਸਤ ਦੌਰਾਨ ਖੁਦ ਨੂੰ ਗੋਲੀ ਮਾਰ ਲੈਣਾ, ਇਸ ਕੜੀ ਦੀ ਤਾਜ਼ਾ ਮਿਸਾਲ ਹੈ, ਜੋ ਨਸ਼ਾ ਤਸਕਰੀ ਦੇ ਸੰਗੀਨ ਦੋਸ਼ਾਂ ਤਹਿਤ 11 ਅਗਸਤ ਦੀ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਤੇ ਸਰਕਾਰ ਵਲੋਂ ਹਿਰਾਸਤੀ ਮੌਤਾਂ ਤੇ ਆਤਮ ਹੱਤਿਆ ਇੱਕੋ ਇੱਕ ਵੇਰਵੇ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਇਹ ਸਾਧਾਰਨ ਵਰਤਾਰਾ ਨਹੀਂ ਹੈ। ਇਹ ਨਸ਼ਾ ਤਸਕਰੀ ਦੇ ਵੱਡੇ ਰਸੂਖਵਾਨ ਵਪਾਰੀਆਂ ਦੇ ਅਗਲੇ ਭੇਤ ਖੁਲ੍ਹਣ ਦੇ ਡਰੋਂ ਕਰਵਾਏ ਗਏ ਸੋਚੇ ਸਮਝੇ ਕਥਿਤ ਕਤਲ ਹੋ ਸਕਦੇ ਹਨ। ਇਸ ਲਈ ਇਨ੍ਹਾਂ ਹਿਰਾਸਤੀ ਮੌਤਾਂ ਦੀਆਂ ਸਾਂਝੀਆਂ ਕੜੀਆਂ ਦੇ ਮੱਦੇਨਜ਼ਰ ਸੀਬੀਆਈ ਜਾਂਚ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਹੀ ਗੁਰਪਿੰਦਰ ਸਿੰਘ ਦੀ ਹਿਰਾਸਤੀ ਮੌਤ ਦਾ ਮਾਮਲੇ ਬੇਹੱਦ ਗੰਭੀਰ ਹੈ, ਜੋ ਨਮਕ ਦਾ ਵਪਾਰੀ ਸੀ।

ਹੋਰ ਖਬਰਾਂ »