ਨਵਦੀਪ ਸਿੰਘ 2011 ਵਿਚ ਹੋਇਆ ਸੀ ਸ਼ਹੀਦ

ਗੁਰਦਾਸਪੁਰ, 15 ਅਗਸਤ, ਹ.ਬ. : ਗੁਰਦਾਸਪੁਰ ਦੇ ਮੁਹੱਲਾ ਸੰਤ ਨਗਰ ਦੇ ਰਹਿਣ ਵਾਲੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਜੋ ਕਿ ਭਾਰਤ ਦੀ ਸੀਮਾ ਵਿੱਚ ਘੁਸਪੈਠ ਕਰਨ ਵਾਲੇ 12 ਅੱਤਵਾਦੀਆਂ ਨੂੰ ਮਾਰ ਕੇ ਦੇਸ਼ ਲਈ ਕੁਰਬਾਨ ਹੋ ਗਏ। ਅੱਜ ਰੱਖੜੀ ਦੇ ਇਸ ਪਵਿੱਤਰ ਤਿਉਹਾਰ 'ਤੇ ਸ਼ਹੀਦ ਦੀ ਭੈਣ ਨਵਜੋਤ ਕੌਰ ਨੇ ਆਪਣੇ ਭਰਾ ਦੀ ਫ਼ੋਟੋ ਨੂੰ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਇਆ। ਸ਼ਹੀਦ ਨਵਦੀਪ ਸਿੰਘ ਦੀ ਭੈਣ ਨਵਜੋਤ ਕੌਰ ਨੇ ਦੱਸਿਆ ਕਿ ਉਸਦਾ ਭਰਾ 20 ਅਗਸਤ 2011 ਨੂੰ ਜੰਮੂ ਕਸ਼ਮੀਰ ਦੇ ਗੋਰੇਜ ਸੈਕਟਰ ਵਿਚ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਹਨਾਂ ਦੱਸਿਆ ਕਿ ਰੱਖੜੀ ਦੇ ਤਿਉਹਾਰ ਤੋਂ ਕੁੱਝ ਦਿਨ ਪਹਿਲਾਂ ਹੀ ਨਵਦੀਪ ਦਾ ਉਹਨਾਂ ਨੂੰ ਫੋਨ ਆਇਆ ਸੀ ਅਤੇ ਉਸਨੇ ਕਿਹਾ ਸੀ ਕਿ ਮੈਨੂੰ ਰੱਖੜੀ ਭੇਜ ਦੇਵੋਂ ਅਤੇ ਉਹ ਰੱਖੜੀ ਤੋਂ ਬਾਅਦ ਛੁੱਟੀ ਆਕੇ ਤੁਹਾਨੂੰ ਬਹੁਤ ਵਧੀਆ ਤੋਹਫ਼ਾ ਦੇਵੇਗਾ ਪਰ ਸਾਨੂੰ ਰੱਖੜੀ ਦੇ ਤਿਉਹਾਰ ਤੋਂ ਕੁੱਝ ਦਿਨ ਬਾਅਦ ਹੀ ਫੋਨ ਆ ਗਿਆ ਕਿ ਉਸਦੀ ਸ਼ਹਾਦਤ ਹੋ ਗਈ ਹੈ। ਇਸ ਲਈ ਅੱਜ ਵੀ ਉਸਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ ਪਰ ਇਸ ਵਾਰ ਜ਼ਿਆਦਾ ਕਮੀ ਮਹਿਸੂਸ ਹੋ ਰਹੀ ਹੈ ਕਿਉਂਕਿ ਅੱਜ 15 ਅਗਸਤ ਹੈ ਜਿੱਥੇ ਲੋਕ ਆਜ਼ਾਦੀ ਦਾ ਦਿਨ ਮਨਾ ਰਹੇ ਹਨ ਅਤੇ ਅੱਜ ਦੇ ਦਿਨ ਹੀ ਰੱਖੜੀ ਦਾ ਤਿਉਹਾਰ ਹੈ ਅਤੇ ਇਸ ਰੱਖੜੀ ਦੇ ਤਿਉਹਾਰ ਤੋਂ ਕੁੱਝ ਦਿਨ ਬਾਅਦ ਹੀ ਉਹਨਾਂ ਦੇ ਭਰਾ ਸ਼ਹੀਦ ਹੋਏ ਸਨ। ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕੇ ਕੁਝ ਇਸ ਤਰ੍ਹਾਂ ਦੇ ਕਨੂੰਨ ਬਣਾਏ ਜਾਣ ਕੇ ਜਵਾਨਾਂ ਦੀਆਂ ਸ਼ਹਾਦਤਾਂ ਰੁੱਕ ਸਕਣ। 
ਸ਼ਹੀਦ ਦੀ ਮਾਤਾ ਜੱਗਤਿੰਦਰ ਕੌਰ ਨੇ ਦੱਸਿਆ ਕਿ ਨਵਦੀਪ ਸਿੰਘ ਨੂੰ ਉਸਦੀ ਭੈਣ ਨੇ ਬੜੇ ਚਾਵਾਂ ਨਾਲ ਰੱਖੜੀ ਭੇਜੀ ਸੀ ਪਰ ਰੱਖੜੀ ਉਸ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਸ਼ਹਾਦਤ ਦੀ ਖ਼ਬਰ ਸਾਡੇ ਤੱਕ ਪਹੁੰਚ ਗਈ ਅਤੇ ਉਸਦੀ ਸ਼ਹਾਦਤ ਤੋਂ ਬਾਅਦ ਅਸੀਂ ਕਈ ਸਾਲ ਤੱਕ ਰੱਖੜੀ ਨਹੀਂ ਸੀ ਮਨਾਈ ਪਰ ਅੱਜ ਵੀ ਉਸਦੀ ਭੈਣ ਅਤੇ ਅਸੀਂ ਉਸਨੂੰ ਬਹੁਤ ਯਾਦ ਕਰਦੇ ਹਾਂ ਅਤੇ ਫਿਰ ਉਸਦੀ ਭੈਣ ਉਸਦੇ ਬੁੱਤ ਨੂੰ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਉਂਦੀ ਹੈ ਪਰ ਇਸ ਵਾਰ ਸਾਨੂੰ ਬਹੁਤ ਜ਼ਿਆਦਾ ਉਸਦੀ ਕਮੀ ਮਹਿਸੂਸ ਹੋ ਰਹੀ ਹੈ ਕਿਉਂਕਿ ਆਜ਼ਾਦੀ ਦਿਹਾੜੇ ਦੇ ਨਾਲ ਹੀ ਰੱਖੜੀ ਦਾ ਤਿਉਹਾਰ ਆਇਆ ਹੈ ਅਤੇ ਨਵਦੀਪ ਹਮੇਸ਼ਾ ਗੱਲ ਕਰਦਾ ਸੀ ਕਿ 15 ਅਗਸਤ 'ਤੇ ਅਤਵਾਦੀ ਦੇਸ਼ ਦਾ ਮਹੌਲ ਖਰਾਬ ਕਰਨ ਦੀ ਫ਼ਿਰਾਕ ਵਿੱਚ ਰਹਿੰਦੇ ਹਨ ਅਤੇ ਉਹ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਰਹਿੰਦਾ ਸੀ ।

ਹੋਰ ਖਬਰਾਂ »

ਹਮਦਰਦ ਟੀ.ਵੀ.