ਭੁੱਖ ਹੜਤਾਲ ਖ਼ਤਮ ਨਾ ਕਰਨ 'ਤੇ ਨੱਕ ਵਿਚ ਪਾਈ ਟਿਊਬ

ਅਲ ਪਾਸੋ, 16 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਹਿਰਾਸਤ ਕੇਂਦਰ ਵਿਚ ਭੁੱਖ ਹੜਤਾਲ 'ਤੇ ਚੱਲ ਰਹੇ ਭਾਰਤੀ ਨਾਗਰਿਕਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਸ ਨੂੰ ਅਧਿਕਾਰੀਆਂ ਦੁਆਰਾ ਜ਼ਬਰਦਸਤੀ ਨੱਕ ਵਿਚ ਨਾਲੀ ਪਾ ਕੇ ਖ਼ੁਰਾਕ ਦਿਤੀ ਜਾ ਰਹੀ ਹੈ। ਜਦੋਂ ਇਨ•ਾਂ ਦੀ ਵਕੀਲ ਹਿਰਾਸਤ ਕੇਂਦਰ ਵਿਚ ਮੁਲਾਕਾਤ ਲਈ ਪੁੱਜੀ ਤਾਂ ਇਕ ਭਾਰਤੀ ਨਾਗਰਿਕ ਨੂੰ ਵੀਲ ਚੇਅਰ 'ਤੇ ਲਿਆਂਦਾ ਗਿਆ ਜਿਸ ਦੇ ਨੱਕ ਵਿਚ ਟਿਊਬਾਂ ਨਜ਼ਰ ਆ ਰਹੀਆਂ ਸਨ। ਭਾਰਤੀ ਨਾਗਰਿਕਾਂ ਦੀ ਵਕੀਲ ਲਿੰਡਾ ਕੌਰਸ਼ੈਡੋ ਮੁਤਾਬਕ ਉਸ ਨੂੰ ਇਕ ਟੈਕਸਟ ਮੈਸੇਜ ਮਿਲਿਆ ਜੋ ਹਾਲਾਤ ਚਿੰਤਾਜਨਕ ਹੋਣ ਵੱਲ ਇਸ਼ਾਰਾ ਕਰ ਰਿਹਾ ਸੀ। ਸੁਨੇਹੇ ਵਿਚ ਲਿਖਿਆ ਸੀ ਕਿ ਮੈਨੂੰ ਤਿੰਨ ਵਾਰ ਨੱਕ ਰਾਹੀਂ ਖੁਰਾਕ ਦਿਤੀ ਗਈ, ਮੇਰੇ ਨੱਕ ਵਿਚੋਂ ਲਹੂ ਵਗ ਰਿਹਾ ਹੈ ਅਤੇ ਅਸਹਿ ਦਰਦ ਵਿਚੋਂ ਲੰਘਣਾ ਪੈ ਰਿਹਾ ਹੈ। ਲਿੰਡਾ ਕੌਰਸ਼ੈਡੋ ਨੇ ਇੰਮੀਗ੍ਰੇਸ਼ਨ ਵਿਭਾਗ ਦੇ ਇਨ•ਾਂ ਤੌਰ-ਤਰੀਕਿਆਂ ਨੂੰ ਅਣਮਨੁੱਖੀ ਕਰਾਰ ਦਿਤਾ। ਉਧਰ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਵਿਭਾਗ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ। ਆਈ.ਸੀ.ਈ. ਨੇ ਇਸ ਮਾਮਲੇ ਨਾਲ ਸਬੰਧਤ ਸਾਰੇ ਸਵਾਲ ਵੈਸਟ ਟੈਕਸਸ ਸਥਿਤ ਅਮਰੀਕੀ ਅਟਾਰਨੀ ਕੋਲ ਭੇਜ ਦਿਤੇ ਜਿਥੇ ਇਕ ਸਰਕਾਰੀ ਬੁਲਾਰੇ ਨੇ ਜ਼ਬਰਦਸਤੀ ਖੁਰਾਕ ਦੇਣ ਦੀ ਘਟਨਾ ਦੀ ਨਾ ਪੁਸ਼ਟੀ ਕੀਤੀ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ।

ਹੋਰ ਖਬਰਾਂ »