ਵਰਜੀਨੀਆ ਦੀ ਪੇਜ ਕਾਊਂਟੀ ਵਿਚ ਵਾਪਰਿਆ ਹਾਦਸਾ

ਨਿਊਜਰਸੀ, 18 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਵਰਜੀਨੀਆ ਸੂਬੇ ਦੀ ਪੇਜ ਕਾਊਂਟੀ ਵਿਚ ਵਾਪਰੇ ਭਿਆਨਕ ਹਾਦਸੇ ਵਿਚ ਸਿੱਖ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਿਨ•ਾਂ ਦੀ ਪਛਾਣ 45 ਸਾਲ ਦੇ ਗੁਰਮੀਤ ਸਿੰਘ, 38 ਸਾਲ ਦੀ ਜਸਲੀਨ ਕੌਰ ਅਤੇ 6 ਸਾਲ ਦੀ ਬੱਚੀ ਵਜੋਂ ਕੀਤੀ ਗਈ ਹੈ। ਪਰਵਾਰ ਦਾ 11 ਸਾਲ ਦਾ ਬੇਟਾ ਯਸ਼ਵੀਰ ਸਿੰਘ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਸਿੱਖ ਪਰਵਾਰ ਨਿਊ ਜਰਸੀ ਸੂਬੇ ਦੇ ਕਾਰਟਰੇਟ ਸ਼ਹਿਰ ਨਾਲ ਸਬੰਧਤ ਸੀ। ਪੁਲਿਸ ਨੇ ਦੱਸਿਆ ਕਿ ਇਕ ਤੇਜ਼ ਰਫ਼ਤਾਰ ਪਿਕਅੱਪ ਟਰੱਕ ਬੇਕਾਬੂ ਹੋ ਕੇ ਸੜਕ ਦੀ ਸੈਂਟਰ ਲਾਈਨ ਪਾਰ ਕਰ ਗਿਆ ਅਤੇ ਸਾਹਮਣੇ ਤੋਂ ਆ ਰਹੀ ਮਿੰਨੀ ਵੈਨ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਗੁਰਮੀਤ ਸਿੰਘ, ਉਸ ਦੀ ਪਤਨੀ ਅਤੇ 6 ਸਾਲਾ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਯਸ਼ਵੀਰ ਸਿੰਘ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪਿਕਅੱਪ ਟਰੱਕ ਦੇ ਡਰਾਈਵਰ ਦੀ ਸ਼ਨਾਖਤ 65 ਸਾਲ ਦੇ ਡਗਲਸ ਵਜੋਂ ਕੀਤੀ ਗਈ ਹੈ ਜਿਸ ਨੂੰ ਹਾਦਸੇ ਦੌਰਾਨ ਮਾਮੂਲੀ ਸੱਟਾਂ ਲੱਗੀਆਂ। ਦਰਅਸਲ ਇਹ ਹਾਦਸਾ ਵੀਰਵਾਰ ਬਾਅਦ ਦੁਪਹਿਰ ਵਾਪਰਿਆ ਅਤੇ ਪੁਲਿਸ ਨੇ ਸ਼ੁੱਕਰਵਾਰ ਰਾਤ ਮ੍ਰਿਤਕਾਂ ਦੀ ਪਛਾਣ ਜਨਤਕ ਕੀਤੀ। ਇਸ ਦੁਖਦਾਈ ਘਟਨਾ ਮਗਰੋਂ ਕਾਰਟਰੇਟ ਸਣੇ ਅਮਰੀਕਾ ਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.