ਸਾਬਕਾ ਵਿੱਤ ਮੰਤਰੀ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਾ ਮਿਲੀ

ਨਵੀਂ ਦਿੱਲੀ, 21 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਸਰਕਾਰ ਏਜੰਸੀਆਂ ਅਤੇ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦਰਮਿਆਨ ਲੁਕਣ-ਮੀਚੀ ਦੀ ਖੇਡ ਜਾਰੀ ਹੈ ਅਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਵੀ ਕਾਂਗਰਸ ਦੇ ਸੀਨੀਅਰ ਆਗੂ ਨੂੰ ਫ਼ੌਰੀ ਰਾਹਤ ਦੇਣ ਤੋਂ ਨਾਂਹ ਕਰ ਦਿਤੀ। ਉਧਰ ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਆਈ.ਐਨ.ਐਕਸ. ਮੀਡੀਆ ਘਪਲੇ ਦੇ ਮੁਲਜ਼ਮ ਚਿਦੰਬਰਮ ਵਿਰੁੱਧ ਲੁਕ ਆਊਟ ਨੋਟਿਸ ਜਾਰੀ ਕਰ ਦਿਤਾ। ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ ਕਰ ਦਿਤੀ ਸੀ ਪਰ ਇਸ ਦੇ ਬਾਵਜੂਦ ਉਹ ਜਾਂਚ ਏਜੰਸੀਆਂ ਸਾਹਮਣੇ ਪੇਸ਼ ਨਾ ਹੋਏ। ਐਨਫ਼ੋਰਸਮੈਂਟ ਡਾਇਰੈਕਟੋਰੇਟ ਤੋਂ ਇਲਾਵਾ ਸੀ.ਬੀ.ਆਈ. ਵੱਲੋਂ ਚਿਦੰਬਰਮ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਜੋ ਰੂਪੋਸ਼ ਦੱਸੇ ਜਾ ਰਹੇ ਹਨ। ਹਾਈਕੋਰਟ ਦੁਆਰਾ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਮਗਰੋਂ ਸੀ.ਬੀ.ਆਈ. ਨੇ ਮੰਗਲਵਾਰ ਰਾਤ 11.30 ਵਜੇ ਚਿਦੰਬਰਮ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿਤਾ ਜਿਸ ਉਪਰ ਤੁਰਤ ਪੇਸ਼ ਹੋਣ ਦੀ ਹਦਾਇਤੀ ਦਿਤੀ ਗਈ। ਉਧਰ ਚਿਦੰਬਰਮ ਦੇ ਵਕੀਲ ਅਰਸ਼ਦੀਪ ਖੁਰਾਣਾ ਨੇ ਸੀ.ਬੀ.ਆਈ. ਨੂੰ ਪੱਤਰ ਲਿਖ ਕੇ ਸਵਾਲ ਕੀਤਾ ਹੈ ਕਿ ਇਹ ਨੋਟਿਸ ਕਿਸ ਕਾਨੂੰਨ ਤਹਿਤ ਚਿਪਕਾਇਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.