ਆਖਰੀ ਵਾਰ ਹੈਮਿਲਟਨ ਏਰੀਆ ਵਿਚ ਵੇਖਿਆ ਗਿਆ

ਬਰੈਂਪਟਨ, 22 ਅਗਸਤ (ਵਿਸ਼ੇਸ਼ ਪ੍ਰਤੀਨਿਧ) :  ਬੀਤੀ 14 ਅਗਸਤ ਤੋਂ ਗੁੰਮਸ਼ੁਦਾ ਲਵਲੀਨ ਧਵਨ ਦੀ ਕਾਰ ਬਰਾਮਦ ਹੋ ਗਈ ਹੈ ਅਤੇ ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ 18 ਅਗਸਤ ਨੂੰ ਹੈਮਿਲਟਨ ਏਰੀਆ ਵਿਚ ਉਸ ਨੂੰ ਵੇਖਿਆ ਗਿਆ। 27 ਸਾਲਾ ਲਵਲੀਨ ਧਵਨ ਦੀ ਕਾਰ ਵੈਬਸਟਰ ਫ਼ਾਲਜ਼ ਨੇੜ ਇਕ ਪਾਰਕਿੰਗ ਸਥਾਨ ਵਿਚੋਂ ਮਿਲੀ। ਪੁਲਿਸ ਨੇ ਦੱਸਿਆ ਕਿ ਇਕ ਹਾਈਕਰ ਨੂੰ ਕਾਰ ਦੀਆਂ ਚਾਬੀਆਂ ਮਿਲੀਆਂ ਸਨ ਜਿਸ ਤੋਂ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਹੈਮਿਲਟਨ ਪੁਲਿਸ ਨੇ ਕਿਹਾ ਕਿ ਲਵਲੀਨ ਧਵਨ ਦੇ ਗੁੰਮਸ਼ੁਦਗੀ ਮਾਮਲੇ ਦੀ ਜਾਂਚ ਵਿਚ ਉਨ•ਾਂ ਦੀ ਭੂਮਿਕਾ ਖ਼ਤਮ ਹੋ ਚੁੱਕੀ ਹੈ ਅਤੇ ਪੀਲ ਰੀਜਨਲ ਪੁਲਿਸ ਦੀ ਨਿਗਰਾਨੀ ਹੇਠ ਲਵਲੀਨ ਨੂੰ ਤਲਾਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਬਰੈਂਪਟਨ ਦੇ ਮੈਕਲਾਫ਼ਲਿਨ ਰੋਡ ਸਾਊਥ ਅਤੇ ਸਟੀਲਜ਼ ਐਵੇਨਿਊ ਵੈਸਟ ਇਲਾਕੇ ਵਿਚ ਵੇਖੇ ਜਾਣ ਸਮੇਂ ਲਵਲੀਨ ਧਵਨ ਨੇ ਸਫ਼ੈਦ ਟੀ-ਸ਼ਰਟ ਅਤੇ ਭੂਰੇ ਰੰਗ ਦੀ ਟ੍ਰੈਕ ਪੈਂਟ ਪਹਿਨੀ ਹੋਈ ਸੀ ਜਦਕਿ ਹੈਮਿਲਟਨ ਏਰੀਆ ਵਿਚ ਵੇਖੇ ਜਾਣ ਸਮੇਂ ਉਸ ਨੇ ਬਲੂ ਜੀਨਜ਼ ਅਤੇ ਕਾਲੇ ਤੇ ਗੁਲਾਬੀ ਰੰਗ ਦਾ ਸਵੈਟਰ ਪਹਿਨਿਆ ਹੋਇਆ ਸੀ। ਪੀਲ ਪੁਲਿਸ ਦੇ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਲਵਲੀਨ ਧਵਨ ਦੀ ਤਸਵੀਰ ਅਤੇ ਹੁਲੀਆ ਜਾਰੀ ਕਰਦਿਆਂ ਕਿਹਾ ਸੀ ਕਿ ਉਸ ਦਾ ਕੱਦ 5 ਫੁੱਟ 7 ਇੰਚ ਅਤੇ ਵਜ਼ਨ ਤਕਰੀਬਨ 57 ਕਿਲੋਗ੍ਰਾਮ ਹੈ। ਉਸ ਦੇ ਵਾਲ ਕਾਲੇ ਅਤੇ ਮੋਢਿਆਂ ਤੱਕ ਲੰਮੇ ਹਨ। ਲਵਲੀਨ ਧਵਨ ਦਾ ਪਰਵਾਰ ਅਤੇ ਪੁਲਿਸ ਉਸ ਦੀ ਸੁੱਖ-ਸਾਂਦ ਪ੍ਰਤੀ ਬੇਹੱਦ ਚਿੰਤਤ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਲਵਲੀਨ ਧਵਨ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905-453-2121 ਐਕਸਟੈਨਸ਼ਨ 2233 'ਤੇ ਕਾਲ ਕਰ ਸਕਦਾ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1-800-222 ਟਿਪਸ 8477 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹੋਰ ਖਬਰਾਂ »