ਤੇਲ ਨਾਲ ਭਰੇ ਟੈਂਕਰ ਵਿਚ ਲੱਗੀ ਅੱਗ

ਐਲਬਰਟਾ, 22 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਐਲਬਰਟਾ ਸੂਬੇ ਵਿਚ 10 ਗੱਡੀਆਂ ਦੀ ਸ਼ਮੂਲੀਅਤ ਵਾਲੇ ਭਿਆਨਕ ਸੜਕ ਹਾਦਸੇ ਵਿਚ 3 ਜਣਿਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਦੋ ਜ਼ਖ਼ਮੀਆਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਦੱਖਣੀ ਐਲਬਰਟਾ ਦੇ ਓਯੇਨ ਸ਼ਹਿਰ ਨੇੜੇ ਵਾਪਰੇ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਤਿੰਨ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇਹ ਹਾਦਸਾ ਹਾਈਵੇਅ 9 'ਤੇ ਇਕ ਉਸਾਰੀ ਸਥਾਨ ਨੇੜੇ ਹੋਇਆ ਜਿਸ ਦੌਰਾਨ ਤਿੰਨ ਟ੍ਰੈਕਟਰ ਟ੍ਰੇਲਰ ਅਤੇ 7 ਮੁਸਾਫ਼ਰ ਗੱਡੀਆਂ ਆਪਸ ਵਿਚ ਭਿੜ ਗਈਆਂ। ਇਕ ਟ੍ਰੈਕਟਰ ਟ੍ਰੇਲਰ ਵਿਚ ਤੇਲ ਲੱਦਿਆ ਹੋਇਆ ਸੀ ਜਿਸ ਨੂੰ ਹਾਦਸੇ ਮਗਰੋਂ ਅੱਗ ਲੱਗ ਗਈ ਜਦਕਿ ਦੂਜੇ ਟਰੱਕ ਵਿਚ ਬੁਟੇਨ ਲੱਦੀ ਹੋਈ ਸੀ। ਹਾਦਸੇ ਨੂੰ ਅੱਖੀਂ ਵੇਖਣ ਵਾਲੇ ਡੈਬੀ ਲਾਫ਼ਲਿਨ ਨੇ ਦੱਸਿਆ ਕਿ ਹਾਈਵੇਅ ਦੀਆਂ ਦੋ ਲੇਨਜ਼ ਤੋਂ ਹਰ ਵੇਲੇ ਟ੍ਰਾਂਸਪੋਰਟ ਟਰੱਕ ਲੰਘਦੇ ਰਹਿੰਦੇ ਹਨ ਜਦਕਿ ਪਿਛਲੇ ਦਿਨੀਂ ਸੈਲਾਨੀਆਂ ਦੀ ਭੀੜ ਵੀ ਕਾਫ਼ੀ ਵਧ ਗਈ। ਲਾਫ਼ਲਿਨ ਨੇ ਕਿਹਾ ਕਿ ਦੋ ਹਫ਼ਤਿਆਂ ਵਿਚ ਦੋ ਭਿਆਨਕ ਹਾਦਸੇ ਵਾਪਰ ਚੁੱਕੇ ਹਨ ਅਤੇ ਇਸ ਪਾਸੇ ਧਿਆਨ ਦਿਤੇ ਜਾਣ ਦੀ ਸਖ਼ਤ ਜ਼ਰੂਰਤ ਹੈ। ਐਲਬਰਟਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਰਿਕ ਮੈਕਇਵੌਰ ਨੇ ਕਿਹਾ ਕਿ ਵਿਭਾਗ ਵੱਲੋਂ ਹਾਦਸੇ ਦੀ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.