ਸ਼ਾਹਕੋਟ, 23 ਅਗਸਤ, ਹ.ਬ. : ਪਿੰਡ ਬਾਜਵਾ ਕਲਾਂ ਦੇ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਰੀ ਵਿਚ ਭੇਤ ਭਰੀ ਹਾਲਤ ਵਿਚ ਮੌਤ ਹੋ ਗਈ। ਪਿੰਡ ਬਾਜਵਾ ਕਲਾਂ ਵਿਚ ਡੇਰੇ 'ਤੇ ਰਹਿੰਦੇ ਮ੍ਰਿਤਕ ਭਿੰਦਾ ਬਾਜਵਾ ਦੇ ਪਿਤਾ ਨਿਰਮਲ ਸਿੰਘ ਬਾਜਵਾ ਨੇ ਦੱਸਿਆ ਕਿ ਉਸ ਦੇ 24 ਸਾਲਾ ਬੇਟੇ  ਭੁਪਿੰਦਰ ਸਿੰਘ ਭਿੰਦਾ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੀ ਨੂੰਹ ਵੰਦਨਾ ਸਟੱਡੀ ਵੀਜ਼ੇ 'ਤੇ ਕੈਨੇਡਾ ਚਲੀ ਗਈ ਸੀ ਜਦ ਕਿ ਉਨ੍ਹਾਂ ਦਾ ਪੁੱਤਰ ਕਰੀਬ 8 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਉਨ੍ਹਾਂ ਦੱਸਿਆ ਕਿ 21 ਅਗਸਤ ਨੂੰ ਸਵੇਰੇ ਭੁਪਿੰਦਰ ਸਿੰਘ ਦੀ ਉਨ੍ਹਾਂ ਨਾਲ ਫੋਨ 'ਤੇ ਗੱਲਬਾਤ ਹੋਈ ਜਿਸ ਦੌਰਾਨ ਉਸ ਨੇ ਦੱਸਿਆ ਕਿ  ਮੈਨੂੰ ਰਾਤ ਤੋਂ ਥੋੜ੍ਹਾ ਬੁਖਾਰ ਤੇ ਸਿਰ ਵਿਚ ਦਰਦ ਹੈ। ਪਤਨੀ  ਵਲੋਂ ਛੁੱਟੀ ਕਰਨ ਦਾ ਕਹਿਣ 'ਤੇ ਅਪਣੀ ਪਤਨੀ ਵੰਦਨਾ ਨੂੰ ਰਾਤ ਦੀ ਡਿਊਟੀ 'ਤੇ ਕੰਮ ਕਰਨ ਲਈ ਭੇਜ ਦਿੱਤਾ। ਜਦ ਸਵੇਰੇ ਉਹ ਛੇ ਵਜੇ ਕੰਮ ਤੋਂ ਵਾਪਸ ਘਰ ਆਈ ਤਾਂ ਦੇਖਿਆ ਕਿ ਭੁਪਿੰਦਰ ਸਿੰਘ ਫਰਸ਼ 'ਤੇ ਡਿੱਗਿਆ ਪਿਆ ਸੀ। ਉਸ ਨੇ ਤੁਰੰਤ ਐਂਬੂਲੈਂਸ ਨੂੰ ਫੋਨ ਕਰਕੇ ਬੁਲਾ ਲਿਆ। ਮੌਕੇ 'ਤੇ  ਪੁੱਜੀ ਟੀਮ ਉਸ ਨੂੰ ਹਸਪਤਾਲ ਲੈ ਗਈ ਜਿੱਥੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਤੇ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.