ਫ਼ੋਨ ਅਤੇ ਇੰਟਰਨੈਟ ਬਿਲ ਘਟਾਉਣ ਦਾ ਵਾਅਦਾ ਕਰੇਗੀ ਲਿਬਰਲ ਪਾਰਟੀ

ਔਟਵਾ, 28 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀਆਂ ਆਮ ਚੋਣਾਂ ਜਿੱਤਣ ਲਈ ਪ੍ਰਮੁੱਖ ਸਿਆਸੀ ਧਿਰਾਂ ਵੱਡੇ ਪੱਧਰ ’ਤੇ ਵਿਉਂਤਬੰਦੀ ਕਰ ਰਹੀਆਂ ਹਨ। ਭਾਵੇਂ ਹਾਲੇ ਤੱਕ ਕਿਸੇ ਪਾਰਟੀ ਨੇ ਆਪਣੇ ਚੋਣ ਵਾਅਦਿਆਂ ਦੀ ਸੂਚੀ ਜਾਰੀ ਨਹੀਂ ਕੀਤੀ ਪਰ ਸੱਤਾਧਾਰੀ ਲਿਬਰਲ ਪਾਰਟੀ ਵੱਲੋਂ ਕੈਨੇਡੀਅਨ ਲੋਕਾਂ ਦੇ ਫੋਨ ਅਤੇ ਇੰਟਰਨੈਟ ਬਿਲ ਘਟਾਉਣ ਦਾ ਵਾਅਦਾ ਕੀਤਾ ਜਾਵੇਗਾ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਲਿਬਰਲ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਦੱਸਿਆ ਕਿ ਪਹਿਲਾ ਵਿਕਲਪ ਇਹ ਵਿਚਾਰਿਆ ਜਾ ਰਿਹਾ ਹੈ ਕਿ ਫੋਨ ਅਤੇ ਇੰਟਰਨੈਟ ਬਿਲਾਂ ਦੀ ਹੱਦ ਤੈਅ ਕਰ ਦਿਤੀ ਜਾਵੇ। ਭਾਵ ਤੈਅਸ਼ੁਦਾ ਰਕਮ ਤੋਂ ਜ਼ਿਆਦਾ ਬਿਲ ਲੋਕਾਂ ਤੋਂ ਨਹੀਂ ਵਸੂਲਿਆ ਜਾ ਸਕੇਗਾ ਜਦਕਿ ਦੂਜਾ ਰਾਹ ਅਪਨਾਉਣ ’ਤੇ ਵੀ ਗੌਰ ਕੀਤੀ ਜਾ ਰਹੀ ਹੈ ਜਿਸ ਤਹਿਤ ਵੱਡੀਆਂ ਕੰਪਨੀਆਂ ਨੂੰ ਮੋਬਾਈਲ ਵਰਚੂਅਲ ਨੈਟਵਰਕ ਆਪ੍ਰੇਟਰਜ਼ ਤੱਕ ਥੋਕ ਦੇ ਭਾਅ ਪਹੁੰਚ ਮੁਹੱਈਆ ਕਰਵਾ ਦਿਤੀ ਜਾਵੇ ਜੋ ਆਪਣੇ ਇਨਫ਼ਰਾਸਟ੍ਰਕਚਰ ਤੋਂ ਬਗ਼ੈਰ ਕੰਮ ਕਰ ਰਹੀਆਂ ਛੋਟੀਆਂ ਇਕਾਈਆਂ ਹਨ। ਚੇਤੇ ਰਹੇ ਕਿ ਕੈਨੇਡਾ ਵਿਚ ਫ਼ੋਨ ਅਤੇ ਇੰਟਰਨੈਟ ਦੇ ਬਿਲਾਂ ਬਾਰੇ ਸ਼ਿਕਾਇਤਾਂ ਇਕ ਵੱਡਾ ਮਸਲਾ ਬਣ ਚੁੱਕੀਆਂ ਹਨ ਜਿਨ੍ਹਾਂ ਨੂੰ ਵੇਖਦਿਆਂ ਲਿਬਰਲ ਪਾਰਟੀ ਦੇ ਰਣਨੀਤੀਕਾਰ ਅਸਰਦਾਰ ਯੋਜਨਾ ’ਤੇ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਕੈਨੇਡੀਅਨ ਲੋਕਾਂ ਨੂੰ ਪਹਿਲਾਂ ਹੀ ਇੰਟਰਨੈਟ ਅਤੇ ਸੰਚਾਰ ਸੇਵਾ ਬੇਹੱਦ ਮਹਿੰਗੇ ਭਾਅ ਮਿਲ ਰਹੀ ਹੈ, ਅਜਿਹੇ ਵਿਚ ਉਨ੍ਹਾਂ ਉਪਰ ਵਾਧੂ ਬੋਝ ਨਹੀਂ ਪਾਇਆ ਜਾਣਾ ਚਾਹੀਦਾ। ਚੋਣ ਸਰਵੇਖਣ ਵਿਚ ਲਿਬਰਲਾਂ ਅਤੇ ਟੋਰੀਆਂ ਦੀ ਫ਼ਸਵੀਂ ਟੱਕਰ ਵੇਖਣ ਨੂੰ ਮਿਲ ਰਹੀ ਹੈ ਅਤੇ ਲੋਕਾਂ ਨੂੰ ਆਕਰਸ਼ਤ ਕਰਨ ਵਾਲੇ ਵਾਅਦੇ ਹੀ ਕਿਸੇ ਪਾਰਟੀ ਦੀ ਬੇੜੀ ਪਾਰ ਲਾ ਸਕਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.