ਬੀਤੀ 24 ਅਗਸਤ ਨੂੰ ਹੋਈ ਸੀ ਲਾਪਤਾ

ਸ਼ਾਹਜਹਾਨਪੁਰ, 30 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਬੀਜੇਪੀ ਆਗੂ ਚਿਨਮਯਾਨੰਦ ਉਪਰ ਗੰਭੀਰ ਦੋਸ਼ ਲਾਉਣ ਵਾਲੀ ਸ਼ਾਹਜਹਾਨਪੁਰ ਦੀ ਵਿਦਿਆਰਥਣ ਰਾਜਸਥਾਨ ਵਿਚ ਮਿਲ ਗਈ ਜੋ ਬੀਤੀ 24 ਅਗਸਤ ਤੋਂ ਲਾਪਤਾ ਸੀ। ਉੱਤਰ ਪ੍ਰਦੇਸ਼ ਪੁਲਿਸ ਨੇ ਉਸ ਦੀ ਭਾਲ ਵਾਸਤੇ ਪੋਸਟਰ ਵੀ ਚਿਪਕਾ ਦਿਤੇ ਸਨ ਜਦਕਿ ਕਾਨੂੰਨ ਮੁਤਾਬਕ ਬਲਾਤਕਾਰ ਦੇ ਮਾਮਲਿਆਂ ਵਿਚ ਚਿਹਰਾ ਜਨਤਕ ਕਰਨ ਦੀ ਮਨਾਹੀ ਹੈ। ਪੁਲਿਸ ਨੇ ਆਪਣੇ ਟਵਿਟਰ ਹੈਂਡਲ ’ਤੇ ਲਿਖਿਆ ਕਿ ਵਿਦਿਆਰਥਣ ਮਿਲ ਗਈ ਹੈ ਅਤੇ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਵਿਦਿਆਰਥਣ ਦੇ ਪਿਤਾ ਨੇ ਦਾਅਵਾ ਕੀਤਾ ਸੀ ਕਿ ਚਿਨਮਯਾਨੰਦ ਨੇ ਉਸ ਦੀ ਧੀ ਨਾਲ ਜਬਰ-ਜਨਾਹ ਕੀਤਾ। ¿;ਚਿਨਮਯਾਨੰਦ ਵੱਲੋਂ ਚਲਾਏ ਜਾਂਦੇ ਟਰੱਸਟ ਦੇ ਕਾਲਜ ਵਿਚ ਪੜ੍ਹਦੀ ਵਿਦਿਆਰਥਣ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰੀ ਹੈ ਜਿਸ ਵਿਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਨੂੰ ਮਦਦ ਦੀ ਦੁਹਾਈ ਦੇ ਰਹੀ ਹੈ। ਉਧਰ ਪੁਲਿਸ ਵੱਲੋਂ ਦਰਜ ਪਰਚੇ ਵਿਚ ਬਲਾਤਕਾਰ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਅਤੇ ਕਤਲ ਦੇ ਇਰਾਦੇ ਨਾਲ ਅਗਵਾ ਕਰਨ ਦੀਆਂ ਧਾਰਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਵਿਦਿਆਰਥਣ ਦੇ ਪਿਤਾ ਨੇ ਆਪਣੀ ਮੁਢਲੀ ਸ਼ਿਕਾਇਤ ਵਿਚ ਕਿਹਾ ਸੀ ਕਿ ਚਿਨਮਯਾਨੰਦ ਨੇ ਕਈ ਕੁੜੀਆਂ ਨਾਲ ਜਬਰ-ਜਨਾਹ ਕੀਤਾ। ਚੇਤੇ ਰਹੇ ਕਿ 2011 ਵਿਚ ਵੀ ਚਿਨਮਯਾਨੰਦ ਵਿਰੁੱਧ ਇਸੇ ਤਰ੍ਹਾਂ ਦੇ ਦੋਸ਼ ਲੱਗੇ ਸਨ ਅਤੇ ਆਪਣੇ ਆਸ਼ਰਮ ਵਿਚ ਰਹਿਣ ਵਾਲੀ ਮਹਿਲਾ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.