ਦੂਰ-ਦਰਾਡੇ ਰਹਿੰਦੇ ਮਰੀਜ਼ਾਂ ਤੱਕ ਦਵਾਈਆਂ ਪਹੁੰਚਾਉਣ ਦਾ ਤਜਰਬਾ ਰਿਹਾ ਸਫ਼ਲ

ਵੈਨਕੂਵਰ, 30 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਨੇ ਡਰੋਨ ਖੇਤਰ ਵਿਚ ਨਵਾਂ ਇਤਿਹਾਸ ਸਿਰਜ ਦਿਤਾ ਜਦੋਂ ਸ਼ਹਿਰਾਂ ਤੋਂ ਦੂਰ ਰਹਿੰਦੇ ਲੋਕਾਂ ਤੱਕ ਦਵਾਈਆਂ ਪਹੁੰਚਾਉਣ ਦਾ ਤਜਰਬਾ ਪੂਰੀ ਤਰ੍ਹਾਂ ਸਫ਼ਲ ਰਿਹਾ। ਕੈਨੇਡਾ ਪੋਸਟ ਅਤੇ ਲੰਡਨ ਡਰੱਗਜ਼ ਦੇ ਸਾਂਝੇ ਉਪਰਾਲੇ ਤਹਿਤ ਛੇ ਕਿਲੋਮੀਟਰ ਦੂਰੀ ਤੱਕ ਡਰੋਨ ਰਾਹੀਂ ਜ਼ਰੂਰੀ ਦਵਾਈਆਂ ਪਹੁੰਚਾ ਦਿਤੀਆਂ ਗਈਆਂ ਜਦਕਿ ਭਵਿੱਖ ਵਿਚ ਲੰਮੀ ਦੂਰੀ ਤੱਕ ਵੀ ਦਵਾਈਆਂ ਪਹੁੰਚਾਈਆਂ ਜਾ ਸਕਣਗੀਆਂ। ਇਹ ਤਜਰਬਾ ਬਿ੍ਰਟਿਸ਼ ਕੋਲੰਬੀਆ ਦੇ ਡੰਕਨ ਇਲਾਕੇ ਵਿਚ ਕੀਤਾ ਗਿਆ ਜਿਥੋਂ ਜ਼ਰੂਰੀ ਦਵਾਈਆਂ ਲੈ ਕੇ ਇਕ ਡਰੋਨ 11 ਮਿੰਟ ਵਿਚ ਸਾਲਟ ਸਪਿ੍ਰੰਗ ਵਿਖੇ ਸਥਿਤ ਆਪਣੀ ਮੰਜ਼ਿਲ ’ਤੇ ਪਹੁੰਚ ਗਿਆ। ਡਰੋਨ ਰਾਹੀਂ ਨਸ਼ੇ ਵਾਲੀਆਂ ਦਵਾਈਆਂ ਨਹੀਂ ਭੇਜੀਆਂ ਜਾਣਗੀਆਂ ਪਰ ਬਲੱਡ ਪ੍ਰੈਸ਼ਰ ਜਾਂ ਓਵਰਡੋਜ਼ ਦੇ ਅਸਰ ਘਟਾਉਣ ਵਾਲੀਆਂ ਦਵਾਈਆਂ ਨੂੰ ਤਰਜੀਹ ਦਿਤੀ ਜਾਵੇਗੀ। ਕੈਨੇਡਾ ਪੋਸਟ ਅਤੇ ਲੰਡਨ ਡਰੱਗਜ਼ ਦੇ ਇਸ ਬੇਹੱਦ ਅਹਿਮ ਉਪਰਾਲੇ ਵਿਚ ਰੋਬੋਟਿਕ ਕੰਪਨੀ ਇਨਡਰੋ ਰੋਬੋਟਿਕਸ ਨੇ ਪੂਰਾ ਸਹਿਯੋਗ ਦਿਤਾ ਅਤੇ ਡਰੋਨ ਖੇਤਰ ਵਿਚ ਕੈਨੇਡਾ ਨੇ ਇਕ ਹੋਰ ਪ੍ਰਾਪਤੀ ਦਰਜ ਕਰ ਦਿਤੀ। ਤਜਰਬਾ ਸਫ਼ਲ ਰਹਿਣ ’ਤੇ ਲੰਡਨ ਡਰੱਗਜ਼ ਦੇ ਜਨਰਲ ਮੈਨੇਜਰ ਿਸ ਚਿਊ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਉਨ੍ਹਾਂ ਕਿਹਾ ਕਿ ਡਰੋਨ ਉਡਾਉਣ ਬਾਰੇ ਟ੍ਰਾਂਸਪੋਰਟ ਕੈਨੇਡਾ ਦੇ ਸਖ਼ਤ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਹੀ ਇਹ ਕੋਸ਼ਿਸ਼ ਕੀਤੀ ਗਈ ਜੋ ਮੁਲਕ ਦੇ ਦੂਰ-ਦਰਾਡੇ ਖੇਤਰਾਂ ਵਿਚ ਰਹਿੰਦੇ ਲੋਕਾਂ ਲਈ ਆਸ ਦੀ ਨਵੀਂ ਕਿਰਨ ਲੈ ਕੇ ਆਈ ਹੈ। ਪਹਿਲੇ ਤਜਰਬੇ ਵਿਚ ਡਰੋਨ ਰਾਹੀਂ ਸਾਲਟ ਸਪਿ੍ਰੰਗ ਆਇਲੈਂਡ ਦੇ ਇਕ ਸਟੋਰ ’ਤੇ ਦਵਾਈ ਪਹੁੰਚਾਈ ਗਈ ਜਦਕਿ ਦੂਜੇ ਤਜਰਬੇ ਤਹਿਤ ਮਰੀਜ਼ ਦੇ ਘਰ ਤੱਕ ਦਵਾਈ ਪਹੁੰਚ ਗਈ। ਚੇਤੇ ਰਹੇ ਕਿ ਕੈਨੇਡਾ ਵਿਚ ਸਾਧਾਰਣ ਚਿੱਠੀਆਂ ਹਵਾਈ ਜਹਾਜ਼ ਰਾਹੀਂ ਪਹੁੰਚਾਉਣ ਦੀ ਸ਼ੁਰੂਆਤ 101 ਸਾਲ ਪਹਿਲਾਂ ਹੋਈ ਸੀ ਅਤੇ ਹੁਣ ਡਰੋਨ ਰਾਹੀਂ ਦਵਾਈਆਂ ਪਹੁੰਚਾਉਣ ਦਾ ਸਿਲਸਿਲਾ ਆਰੰਭ ਹੋ ਗਿਆ ਹੈ। ਕੈਨੇਡਾ ਪੋਸਟ ਦੇ ਪ੍ਰੋਜੈਕਟ ਹੈਡ ਜੇਮੀ ਗੋਮਜ਼ ਨੇ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਮੁਹੱਈਆ ਕਰਵਾਉਣ ਲਈ ਉਨ੍ਹਾਂ ਦਾ ਅਦਾਰਾ ਲਗਾਤਾਰ ਕੋਸ਼ਿਸ਼ ਕਰਦਾ ਆਇਆ ਹੈ ਅਤੇ ਕਰਦਾ ਰਹੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.