ਭਾਰਤ ਅਤੇ ਪਾਕਿ ਵੱਲੋਂ ਤੀਜੇ ਗੇੜ ਦੀ ਗੱਲਬਾਤ

ਅਟਾਰੀ, 4 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਵੀਜ਼ਾ ਮੁਕਤ ਸਫ਼ਰ ਦੀ ਸਹੂਲਤ ਦੇਣ ਲਈ ਦੋਹਾਂ ਮੁਲਕਾਂ ਦੇ ਨੁਮਾਇੰਦੇ ਸਹਿਮਤ ਹੋ ਗਏ ਜਦਕਿ ਓਵਰਸੀਜ਼ ਇੰਡੀਅਨ ਸਿਟੀਜ਼ਨ ਕਾਰਡ ਰੱਖਣ ਵਾਲੇ ਵੀ ਕਰਤਾਪੁਰ ਗੁਰਦਵਾਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਭਾਰਤ ਅਤੇ ਪਾਕਿਸਤਾਨ ਦਰਮਿਆਨ ਤੀਜੇ ਗੇੜ ਦੀ ਉਚ ਪੱਧਰੀ ਮੀਟਿੰਗ ਭਾਵੇਂ ਸਫ਼ਲ ਮੰਨੀ ਜਾ ਰਹੀ ਹੈ ਪਰ ਲਾਂਘੇ ਬਾਰੇ ਸਿਧਾਂਤਕ ਸਮਝੌਤੇ ਉਪਰ ਦਸਤਖ਼ਤ ਕਰਨ ਸਬੰਧੀ ਸਹਿਮਤੀ ਕਾਇਮ ਨਾ ਕੀਤੀ ਜਾ ਸਕੀ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ, ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਤੋਂ ਫ਼ੀਸ ਵਸੂਲਣੀ ਚਾਹੁੰਦਾ ਹੈ ਅਤੇ ਇਸ ਮੁੱਦੇ 'ਤੇ ਦੋਹਾਂ ਧਿਰਾਂ ਵਿਚਾਲੇ ਸਹਿਮਤੀ ਨਹੀਂ ਬਣ ਸਕੀ। ਇਸ ਤੋਂ ਇਲਾਵਾ ਪਾਕਿਸਤਾਨ ਨੇ ਕਰਤਾਰਪੁਰ ਗੁਰਦਵਾਰਾ ਸਾਹਿਬ ਵਿਚ ਭਾਰਤੀ ਅਧਿਕਾਰੀਆਂ ਦੀ ਮੌਜੂਦਗੀ ਬਾਰੇ ਇਜਾਜ਼ਤ ਦੇਣ ਤੋਂ ਵੀ ਨਾਂਹ ਕਰ ਦਿਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.