ਲਾਹੌਰ ਦੇ ਆਸ਼ਰਮ ਵਿਚ ਰਹਿ ਰਹੀ ਹੈ ਜਗਜੀਤ ਕੌਰ

ਲਾਹੌਰ, 7 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਪਾਕਿਸਤਾਨ ਵਿਚ ਸਿੱਖ ਮੁਟਿਆਰ ਨੂੰ ਅਗਵਾ ਕਰਨ ਅਤੇ ਜ਼ਬਰਦਸਤੀ ਧਰਮ ਤਬਦੀਲ ਕਰਵਾਉਣ ਦੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਕ ਅਹੁਦੇਦਾਰ ਨੇ ਦਾਅਵਾ ਕੀਤਾ ਕਿ 19 ਸਾਲ ਦੀ ਜਗਜੀਤ ਕੌਰ ਹਾਲੇ ਤੱਕ ਆਪਣੇ ਘਰ ਨਹੀਂ ਪਹੁੰਚੀ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਜਨਰਲ ਅਮੀਰ ਸਿੰਘ ਨੇ ਦੱਸਿਆ ਕਿ ਜਗਜੀਤ ਕੌਰ, ਲਾਹੌਰ ਦੇ ਦਾਰੁਲ ਅਮਾਨ ਭਾਵ ਬੀਬੀਆਂ ਦੇ ਇਕ ਆਸ਼ਰਮ ਵਿਚ ਰਹਿ ਰਹੀ ਹੈ ਅਤੇ ਉਸ ਘਰ ਨਹੀਂ ਭੇਜਿਆ ਗਿਆ। ਉਨਾਂ ਹੈਰਾਨੀ ਜ਼ਾਹਰ ਕੀਤੀ ਕਿ ਪਤਾ ਨਹੀਂ ਕੌਣ ਇਹ ਦਾਅਵੇ ਕਰ ਰਿਹਾ ਹੈ ਕਿ ਜਗਜੀਤ ਕੌਰ ਘਰ ਪਰਤ ਗਈ ਹੈ। ਉਨਾਂ ਕਿਹਾ, ''ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਜਨਰਲ ਹੋਣ ਦੇ ਨਾਤੇ ਮੈਂ ਜਗਜੀਤ ਕੌਰ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ।'' ਚੇਤੇ ਰਹੇ ਕਿ ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਹਦਾਇਤਾਂ 'ਤੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਨੇ ਮਾਮਲੇ ਵਿਚ ਦਖ਼ਲ ਦਿੰਦਿਆਂ ਇਕ ਵੀਡੀਓ ਜਾਰੀ ਕੀਤੀ ਸੀ ਅਤੇ ਦਾਅਵਾ ਕੀਤਾ ਗਿਆ ਸੀ ਮਾਮਲਾ ਸੁਲਝ ਗਿਆ ਹੈ ਅਤੇ ਜਗਜੀਤ ਕੌਰ ਘਰ ਵਾਪਸ ਜਾ ਰਹੀ ਹੈ। ਸਿੱਖ ਮੁਟਿਆਰ ਨਾਲ ਵਿਆਹ ਕਰਵਾਉਣ ਵਾਲੇ ਨੌਜਵਾਨ ਦੇ ਪਿਤਾ ਨੇ ਗਵਰਨਰ ਦੀ ਹਾਜ਼ਰੀ ਵਿਚ ਸਪੱਸ਼ਟ ਤੌਰ 'ਤੇ ਆਖਿਆ ਸੀ ਕਿ ਭਵਿੱਖ ਵਿਚ ਉਨਾਂ ਦਾ ਪਰਵਾਰ ਮੁਟਿਆਰ ਨਾਲ ਕੋਈ ਵਾਹ-ਵਾਸਤਾ ਨਹੀਂ ਰੱਖੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.