ਮੋਹਾਲੀ, 11 ਸਤੰਬਰ, ਹ.ਬ. : ਦੋ ਪੰਜਾਬੀ ਗਾਇਕਾਂ ਐਲੀ ਮਾਂਗਟ ਅਤੇ ਰੰਧਾਵਾ ਬਰਦਰਜ਼ ਦੇ ਵਿਚ ਸੋਸ਼ਲ ਮੀਡੀਆ 'ਤੇ ਕਈ ਦਿਨਾਂ ਤੋਂ ਜ਼ੁਬਾਨੀ ਜੰਗ ਚਲ ਰਹੀ ਸੀ। ਇੱਕ ਦੂਜੇ ਨੂੰ ਸਬਕ ਸਿਖਾਉਣ ਲਈ ਮੋਹਾਲੀ ਦੇ ਸੈਕਟਰ 88 ਦੇ ਪੂਰਵ ਅਪਾਰਟਮੈਂਟ ਵਿਚ ਗੈਂਗਵਾਰ ਦਾ ਸਮਾਂ ਰੱਖਿਆ ਗਿਆ ਸੀ। ਇਸ ਲਈ ਪੁਲਿਸ ਨੇ ਪੂਰਵ ਅਪਾਰਟਮੈਂਟ ਤਲਾਸ਼ੀ ਮੁਹਿੰਮ ਚਲਾਈ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਡੀਐਸਪੀ ਰਮਨਦੀਪ ਸਿੰਘ ਅਤੇ ਐਸਐਚਓ ਸੋਹਾਣਾ ਥਾਣੇ ਦੀ ਅਗਵਾਈ ਵਿਚ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਪਤਾ ਚਲਿਆ ਹੈ ਕਿ ਰੰਧਾਵਾ ਬਰਦਰਜ਼ ਵਿਚੋਂ ਵੱਡੇ ਭਰਾ ਰੰਮੀ ਰੰਧਾਵਾ ਨੂੰ ਪੁਲਿਸ ਨੇ ਉਸ ਦੇ ਅਪਾਰਟਮੈਂਟ ਵਿਚ ਮੌਜੂਦ ਫਲੈਟ ਤੋਂ ਹਿਰਾਸਤ ਵਿਚ ਲਿਆ ਹੈ। ਸੋਹਾਣਾ ਥਾਣੇ ਵਿਚ ਮਾਂਗਟ ਅਤੇ ਰੰਧਾਵਾ ਬਰਦਰਜ਼ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪੂਰੇ ਖੇਤਰ ਵਿਚ ਚੌਕਸੀ ਵਧਾ ਦਿੱਤੀ।
ਕੁਝ ਦਿਨ ਪਹਿਲਾਂ ਰੰਧਾਵਾ ਬਰਦਰਜ਼ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਐਲੀ ਮਾਂਗਟ ਨੂੰ ਨਸੀਹਤ ਦਿੱਤੀ ਸੀ। ਕਿਹਾ ਸੀ ਕਿ ਉਹ ਅਸ਼ਲੀਲ ਗੀਤ ਗਾਣਾ ਬੰਦ ਕਰੇ ਕਿਉਂਕਿ ਅਜਿਹੇ ਗੀਤਾਂ ਨਾਲ ਅੱਜ ਕਲ੍ਹ ਦੀ ਨੌਜਵਾਨ ਪੀੜ੍ਹੀ 'ਤੇ ਬੁਰਾ ਅਸਰ ਪੈ ਰਿਹਾ ਹੈ। ਮੁੰਡੇ ਨਸ਼ੇ, ਹਥਿਆਰ ਅਤੇ ਹੋਰ ਗਲਤ ਕੰਮਾਂ ਲਈ ਉਤਸ਼ਾਹਤ ਹੋ ਰਹੇ ਹਨ। ਇਸ ਤੋਂ ਬਾਅਦ ਐਲੀ ਮਾਂਗਟ ਨੇ ਲਾਈਵ ਹੋ ਕੇ ਰੰਧਾਵਾ ਬਰਦਰਜ਼ ਨੂੰ ਜਵਾਬ ਦਿੰਦੇ ਹੋਏ ਗਾਲ੍ਹਾਂ ਕੱਢਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਕਮੈਂਟ ਕਰਨ ਦਾ ਇੰਨਾ ਹੀ ਸ਼ੌਕ ਹੈ ਤਾਂ ਗੈਂਗਵਾਰ ਦਾ ਟਾਈਮ ਬੰਨ੍ਹ ਲਵੋ ਪਤਾ ਚਲ ਜਾਵੇਗਾ ਕਿਸ ਵਿਚ ਕਿੰਨਾ ਦਮ ਹੈ।
ਕੈਨੇਡਾ ਵਿਚ ਵਸੇ ਐਲੀ ਮਾਂਗਟ ਨੇ ਲਾਈਵ ਹੋ ਕੇ  ਵੀਡੀਓ ਬਣਾਈ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ 11 ਸਤੰਬਰ ਨੂੰ ਇੰਡੀਆ ਆਵੇਗਾ ਅਤੇ ਰੰਮੀ ਰੰਧਾਵਾ ਦੇ ਮੋਹਾਲੀ ਵਾਲੇ ਘਰ ਵਿਚ ਵੜ ਕੇ ਊਸ ਨੂੰ ਮਾਰੇਗਾ। ਮਾਂਗਟ ਨੇ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ  ਕਰ ਸਕਿਆ ਤਾਂ ਉਹ ਇਸ ਤੋਂ ਬਾਅਦ ਗਾਣੇ ਗਾਣਾ ਛੱਡ ਦੇਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.