ਕੁਰਾਲੀ, 11 ਸਤੰਬਰ, ਹ.ਬ. : ਲਾਵਾਰਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿਚ ਲਾਵਾਰਸ ਮਾਂ ਨਾਲ ਦੋ ਬੱਚੇ ਦਾਖ਼ਲ ਹੋਏ ਹਨ। ਸੰਸਥਾ ਦੇ ਮੁੱਖ ਪ੍ਰਬੰਧਕ ਪਾਈ ਸਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ 35 ਸਾਲਾ ਸੁਨੀਤਾ ਤੇ ਉਸ ਦੇ ਦੋ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਫਤਿਹਗੜ੍ਹ ਸਾਹਿਬ ਵਲੋਂ ਸੰਸਥਾ ਵਿਚ ਦਾਖ਼ਲ ਕਰਵਾਇਆ ਗਿਆ। ਸੰਸਥਾ ਦੇ ਪ੍ਰਬੰਧਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੋ ਮਹੀਨੇ ਦਾ ਬੇਟਾ ਸ਼ਿਵ ਅਤੇ ਤਿੰਨ ਸਾਲਾ ਬੱਚੀ ਲਛਮੀ ਨਾਲ ਮਾਨਸਿਕ ਰੋਗ ਤੋਂ ਪੀੜਤ ਔਰਤ ਹਸਪਤਾਲ ਦੇ ਅੱਗੇ ਘੁੰਮ ਰਹੀ ਸੀ। ਸਮਾਜ ਦਰਦੀ ਸੱਜਣ ਨੇ ਸੂਚਨਾ ਚਾਈਲਡ ਹੈਲਪ ਲਾਈਨ ਨੂੰ ਦਿੱਤੀ ਜਿੱਥੋਂ ਇਹ ਕੇਸ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਨੋਟਿਸ ਵਿਚ ਲਿਆਂਦਾ ਗਿਆ ਜਿਨ੍ਹਾਂ ਨੇ ਅਪਣੇ ਮੈਂਬਰ ਅਤੇ ਲੇਡੀ ਪੁਲਿਸ ਵਲੋਂ ਇਨ੍ਹਾਂ ਤਿੰਨਾਂ ਨੂੰ ਪ੍ਰਭ ਆਸਰਾ ਕੁਰਾਲੀ ਭੇਜ ਦਿੱਤਾ। ਦੋ ਮਹੀਨੇ ਦਾ ਨਾਜ਼ੁਕ ਬੱਚਾ ਮਾਂ ਦੀ ਮਾਨਸਿਕ ਹਾਲਤ ਮੁਤਾਬਕ ਉਸ ਕੋਲ ਸੇਫ ਨਹੀਂ ਸੀ ਦਿਸ ਰਿਹਾ, ਨਾ ਹੀ ਮਾਂ ਉਸ ਨੂੰ ਹੱਥ ਲਾਉਣ ਦਿੰਦੀ ਸੀ, ਦੋਵਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਦੋ ਮਹੀਨੇ ਦੇ ਬੱਚੇ ਨੂੰ ਖਰੜ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਚੰਡੀਗੜ੍ਹ ਸੈਕਟਰ 16 ਹਸਪਤਾਲ ਰੈਫਰ ਕੀਤਾ ਗਿਆ, ਬੱਚੇ ਦੀ ਹਾਲਤ ਹੁਣ ਕਾਫੀ ਠੀਕ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.