ਪੁਲਿਸ ਨੇ 3 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

ਕਠੂਆ/ਜੰਮੂ, 12 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਤੋਂ ਕਸ਼ਮੀਰ ਜਾ ਰਹੇ ਟਰੱਕ ਵਿਚੋਂ ਛੇ ਏ.ਕੇ. 47 ਰਾਈਫ਼ਲਾਂ ਬਰਾਮਦ ਕਰਨ ਦਾ ਦਾਅਵਾ ਕਰਦਿਆਂ ਪੁਲਿਸ ਨੇ ਤਿੰਨ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ। ਜੰਮੂ ਦੇ ਆਈ.ਜੀ. ਮੁਕੇਸ਼ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਵੀਰਵਾਰ ਸਵੇਰੇ ਤਕਰੀਬਨ 8 ਵਜੇ ਜੰਮੂ-ਪਠਾਨਕੋਟ ਹਾਈਵੇਅ 'ਤੇ ਲਖਨਪੁਰ ਨੇੜੇ ਰੋਕਿਆ ਗਿਆ ਸੀ ਅਤੇ ਤਲਾਸ਼ੀ ਦੌਰਾਨ ਇਸ ਵਿਚੋਂ ਖ਼ਤਰਨਾਕ ਹਥਿਆਰ ਬਰਾਮਦ ਹੋਏ। ਪੁਲਿਸ ਵੱਲੋਂ ਗ੍ਰਿਫ਼ਤਾਰ ਤਿੰਨੋ ਜਣੇ ਕਸ਼ਮੀਰ ਨਾਲ ਸਬੰਧਤ ਦੱਸੇ ਜਾ ਰਹੇ ਹਨ ਅਤੇ ਇਨ•ਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਤਿੰਨੋ ਸ਼ੱਕੀਆਂ ਨੇ ਕੌਮਾਂਤਰੀ ਸਰਹੱਦ ਰਾਹੀਂ ਪਠਾਨਕੋਟ ਦੇ ਬਮਿਆਲ ਇਲਾਕੇ ਵਿਚ ਘੁਸਪੈਠ ਕੀਤੀ ਹੋਵੇਗੀ ਅਤੇ ਟਰੱਕ ਵਿਚ ਸਵਾਰ ਹੋ ਕੇ ਵਾਦੀ ਵੱਲ ਜਾ ਰਹੇ ਸਨ। ਸੂਤਰਾਂ ਨੇ ਦਾਅਵਾ ਕੀਤਾ ਕਿ ਤਿੰਨਾਂ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿਤਾ ਜਾਣਾ ਸੀ। ਉਧਰ ਪੰਜਾਬ ਪੁਲਿਸ ਨੇ ਵੀ ਜਾਂਚ ਵਿਚ ਸਹਿਯੋਗ ਲਈ ਆਪਣੀ ਟੀਮ ਕਠੂਆ ਰਵਾਨਾ ਕਰ ਦਿਤੀ। ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਚੰਡੀਗੜ• ਵਿਖੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਅੰਮ੍ਰਿਤਸਰ ਦੇ ਅਫ਼ਸਰ ਨੂੰ ਜੰਮੂ-ਕਸ਼ਮੀਰ ਪੁਲਿਸ ਦੀ ਸਹਾਇਤਾ ਲਈ ਭੇਜਿਆ ਗਿਆ ਹੈ। ਬਾਅਦ ਵਿਚ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਠੂਆ ਦੇ ਐਸ.ਐਸ.ਪੀ. ਨੇ ਦੱਸਿਆ ਕਿ ਟਰੱਕ ਵਿਚੋਂ ਚਾਰ ਏ.ਕੇ. 56 ਰਾਈਫ਼ਲਾਂ ਅਤੇ ਦੋ ਏ.ਕੇ. 47 ਰਾਈਫ਼ਲਾਂ ਤੋਂ ਇਲਾਵਾ ਛੇ ਮੈਗਜ਼ੀਨ ਅਤੇ 180 ਰੌਂਦ ਵੀ ਬਰਾਮਦ ਕੀਤੇ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.