ਦਫ਼ਤਰਾਂ ਵਿਚ ਵੀ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਹੋਵੇਗੀ

ਬਰੈਂਪਟਨ, 12 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਪੀਲ ਡਿਸਟ੍ਰਿਕਟ ਸਕੂਲ ਬੋਰਡ ਨੇ ਆਪਣੇ ਅਧੀਨ ਆਉਂਦੇ ਸਕੂਲਾਂ ਅਤੇ ਬੋਰਡ ਦਫ਼ਤਰਾਂ ਵਿਚ ਸਿੰਗਲ ਯੂਜ਼ ਪਲਾਸਟਿਕ ਵਸਤਾਂ 'ਤੇ ਪਾਬੰਦੀ ਲਾ ਦਿਤੀ ਹੈ। ਸਕੂਲ ਬੋਰਡ ਦੇ ਟਰੱਸਟੀਜ਼ ਨੇ ਇਕਹਿਰੀ ਵਰਤੋਂ ਵਾਲੀਆਂ ਪਲਾਸਟਿਕ ਵਸਤਾਂ ਦੀ ਵਰਤੋਂ ਮੁਕੰਮਲ ਤੌਰ 'ਤੇ ਬੰਦ ਕਰਨ ਦੇ ਇਰਾਦੇ ਨਾਲ ਇਹ ਫ਼ੈਸਲਾ ਲਿਆ ਹੈ। ਪਿਛਲੇ ਦਿਨੀਂ ਹੋਈ ਮੀਟਿੰਗ ਦੌਰਾਨ ਲਏ ਫ਼ੈਸਲੇ ਤਹਿਤ ਆਉਂਦੇ ਦਸੰਬਰ ਤੱਕ ਪਲਾਸਟਿਕ ਦੀਆਂ ਬੋਤਲਾਂ, ਡਿਸਪੋਜ਼ੇਬਲ ਕਟਲਰੀ ਅਤੇ ਹੋਰ ਇਕਹਿਰੀ ਵਰਤੋਂ ਵਾਲੀਆਂ ਪਲਾਸਟਿਕ ਵਸਤਾਂ ਦੀ ਵਰਤੋਂ ਬਿਲਕੁਲ ਬੰਦ ਕਰ ਦਿਤੀ ਜਾਵੇਗੀ। ਸਕੂਲ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਗੱਲ ਦੀ ਪੜਤਾਲ ਕਰਵਾਈ ਜਾਵੇਗੀ ਕਿ ਪਲਾਸਟਿਕ 'ਤੇ ਪਾਬੰਦੀ ਨੂੰ ਕਿੰਨੀ ਤਨਦੇਹੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਕੌਮਾਂਤਰੀ ਪੱਧਰ 'ਤੇ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਕੀਤੀ ਜਾ ਰਹੇ ਉਪਰਾਲਿਆਂ ਵਿਚ ਯੋਗਦਾਨ ਪਾਉਣ ਦੇ ਮਕਸਦ ਨਾਲ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੇ ਇਹ ਫ਼ੈਸਲਾ ਲਿਆ ਹੈ ਜਦਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੂਨ ਵਿਚ ਹੀ ਐਲਾਨ ਕਰ ਚੁੱਕੇ ਹਨ ਕਿ 2021 ਤੱਕ ਸਿੰਗਲ ਯੂਜ਼ ਪਲਾਸਟਿਕ ਵਸਤਾਂ ਉਪਰ ਕੈਨੇਡਾ ਵਿਚ ਮੁਕੰਮਲ ਰੋਕ ਲਾ ਦਿਤੀ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.