ਨਿਊ ਯਾਰਕ ਦੇ 8 ਜਣਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਨਿਊ ਯਾਰਕ, 13 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਸਣੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਨਸ਼ੀਲੀਆਂ ਦਵਾਈਆਂ ਅਮਰੀਕਾ ਮੰਗਵਾਉਣ ਵਾਲੇ ਗਿਰੋਹ ਦਾ ਪਰਦਾ ਫ਼ਾਸ਼ ਕਰਦਿਆਂ ਨਿਊ ਯਾਰਕ ਵਿਚ ਰਹਿੰਦੇ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਮੁਤਾਰਬਕ ਇਸ ਗਿਰੋਹ ਨੇ ਕਰੋੜਾਂ ਦੀ ਤਾਦਾਦ ਵਿਚ ਨਸ਼ੀਲੀਆਂ ਗੋਲੀਆਂ ਮੰਗਵਾਈਆਂ ਅਤੇ ਅਮਰੀਕੀ ਲੋਕਾਂ ਨੂੰ ਵੇਚੀਆਂ। ਅਮਰੀਕੀ ਅਧਿਕਾਰੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਭਾਰਤ ਵਿਚ ਨਸ਼ੇ ਵਾਲੀਆਂ ਗੋਲੀਆਂ ਦੀ ਨਵੇਂ ਸਿਰੇ ਤੋਂ ਪੈਕਿੰਗ ਕੀਤੀ ਜਾਂਦੀ ਅਤੇ ਕੋਰੀਅਰ ਜਾਂ ਡਾਕ ਰਾਹੀਂ ਅਮਰੀਕਾ ਭੇਜ ਦਿਤਾ ਜਾਂਦਾ। ਫ਼ੈਡਰਲ ਵਕੀਲ ਰਿਚਰਡ ਡੌਨੋਹਿਊ ਨੇ ਦੱਸਿਆ ਕਿ ਸਿਰਫ਼ ਇਕ ਸਾਲ ਵਿਚ ਹੀ ਲੱਖਾਂ ਗੋਲੀਆਂ ਦੀ ਅਮਰੀਕਾ ਵਿਚ ਆਮਦ ਬਾਰੇ ਪਤਾ ਲੱਗਾ ਅਤੇ ਜਾਂਚ ਦੌਰਾਨ ਵੱਡੇ ਰੈਕਟ ਦਾ ਪਰਦਾ ਫ਼ਾਸ਼ ਹੋ ਗਿਆ। ਭਾਰਤ ਤੋਂ ਅਮਰੀਕਾ ਗੋਲੀਆਂ ਭੇਜਣ ਵਾਲੇ ਸ਼ਖਸ ਜਾਂ ਗਿਰੋਹਾਂ ਦੀ ਸ਼ਨਾਖ਼ਤ ਫ਼ਿਲਹਾਲ ਨਹੀਂ ਹੋ ਸਕੀ। ਚੇਤੇ ਰਹੇ ਕਿ ਅਮਰੀਕਾ ਵਿਚ ਦਰਦ ਨਿਵਾਰਕ ਗੋਲੀਆਂ ਦੀ ਓਵਰਡੋਜ਼ ਕਾਰਨ ਮੌਤਾਂ, ਕੌਮੀ ਸੰਕਟ ਬਣ ਚੁੱਕੀਆਂ ਹਨ ਅਤੇ 2017 ਵਿਚ 47,600 ਜਣਿਆਂ ਦੀ ਮੌਤ ਹੋਈ ਸੀ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ, ਬਲਜੀਤ ਸਿੰਘ, ਦੀਪਕ ਮਨਚੰਦਾ, ਗੁਲਾਬ ਗੁਲਾਬ, ਮੁਕੁਕ ਚੁੱਘ, ਵਿਕਾਸ ਵਰਮਾ, ਪੀ. ਨਾਰਾਇਣਸਾਮੀ ਅਤੇ ਈਜ਼ਲ ਸੈਜ਼ੀਅਨ ਕਮਲਡੌਸ ਵਜੋਂ ਕੀਤੀ ਗਈ ਹੈ। ਨਿਆਂ ਵਿਭਾਗ ਮੁਤਾਬਕ ਇਹ ਅੱਠ ਜਣੇ ਨਿਊ ਯਾਰਕ ਦੇ ਕੁਈਨਜ਼ ਇਲਾਕੇ ਵਿਚ ਇਕ ਗੋਦਾਮ ਤੋਂ ਆਪਣਾ ਧੰਦਾ ਚਲਾਉਂਦੇ ਸਨ। ਇਨ•ਾਂ ਵਿਚੋਂ ਕਮਲਡੌਸ ਵਿਰੁੱਧ ਮਨੀ ਲੌਂਡਰਿੰਗ ਦੇ ਦੋਸ਼ ਵੀ ਆਇਦ ਕੀਤੇ ਗਏ ਹਨ। ਨਸ਼ੀਲੀਆਂ ਗੋਲੀਆਂ ਦਰਾਮਦ ਕਰਨ ਦੇ ਇਸ ਮਾਮਲੇ ਦੀ ਜਾਂਚ ਜਨਵਰੀ 2018 ਵਿਚ ਕੀਤੀ ਗਈ ਸੀ ਅਤੇ ਸਮਝਿਆ ਜਾ ਰਿਹਾ ਹੈ ਕਿ ਕਰੋੜਾਂ ਦੀ ਗਿਣਤੀ ਵਿਚ ਟ੍ਰਾਮਾਡੌਲ ਗੋਲੀਆਂ ਅਮਰੀਕੀ ਲੋਕਾਂ ਨੂੰ ਵੇਚੀਆਂ ਗਈਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.