ਕੈਲੇਫ਼ੋਰਨੀਆ ਦੇ ਗੁਰੂ ਘਰ ਦੀ ਕੰਧ 'ਤੇ ਲਿਖੀਆਂ ਸਨ ਧਮਕੀਆਂ

ਲਾਸ ਏਂਜਲਸ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਸਿੱਖਾਂ ਨੂੰ ਧਮਕਾਉਣ ਵਾਲੇ 29 ਸਾਲ ਦੇ ਸ਼ਖਸ ਨੂੰ 16 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। 29 ਸਾਲ ਦੇ ਆਰਟੀਓਮ ਮੈਨੂਕਯਾਂ ਨੇ ਲੌਸ ਫ਼ੈਲਿਜ਼ ਦੇ ਗੁਰੂ ਘਰ ਦੀ ਕੰਧ 'ਤੇ ਧਮਕੀ ਭਰਿਆ ਸੁਨੇਹਾ ਲਿਖਣ ਦਾ ਅਪਰਾਧ ਕਬੂਲ ਕਰ ਲਿਆ ਜਿਸ ਮਗਰੋਂ ਅਦਾਲਤ ਨੇ ਸਜ਼ਾ ਦਾ ਐਲਾਨ ਕੀਤਾ। ਲਾਸ ਏਂਜਲਸ ਪੁਲਿਸ ਨੇ ਦੱਸਿਆ ਕਿ ਮੈਨੂਕਯਾਂ ਨੇ ਅਗਸਤ 2017 ਵਿਚ ਲੌਸ ਫ਼ੈਲਿਜ਼ ਦੇ ਵਰਮੌਂਟ ਐਵੇਨਿਊ ਸਥਿਤ ਹੌਲੀਵੁੱਡ ਸਿੱਖ ਟੈਂਪਲ ਦੀ ਕੰਧ 'ਤੇ ਨਫ਼ਰਤ ਭਰੀਆਂ ਧਮਕੀਆਂ ਲਿਖੀਆਂ ਸਨ। ਪੁਲਿਸ ਵੱਲੋਂ ਉਸ ਵਿਰੁੱਧ ਨਸਲੀ ਨਫ਼ਰਤ ਦੇ ਦੋਸ਼ ਆਇਦ ਕੀਤੇ ਗਏ ਸਨ ਅਤੇ ਅਦਾਲਤੀ ਸੁਣਵਾਈ ਦੌਰਾਨ ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਚੇਤੇ ਰਹੇ ਕਿ ਮੈਨੂਕਯਾਂ ਨੂੰ ਗੁਰੂ ਘਰ ਦੀ ਕੰਧ 'ਤੇ ਧਮਕੀਆਂ ਲਿਖਦਿਆਂ ਕਈ ਜਣਿਆਂ ਨੇ ਵੇਖ ਲਿਆ ਸੀ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਭੜਕ ਗਿਆ ਅਤੇ ਗਲਾ ਵੱਢਣ ਦੀ ਧਮਕੀ ਦੇਣ ਲੱਗਾ। ਸਿੱਖਾਂ ਨੂੰ ਧਮਕਾਉਣ ਦੀ ਘਟਨਾ ਤੋਂ ਪਹਿਲਾਂ ਵੀ ਮੈਨੂਕਯਾਂ ਵੱਡੀ ਚੋਰੀ ਦੇ ਸ਼ੱਕ ਹੇਠ ਗ੍ਰਿਫ਼ਤਾਰ ਹੋ ਚੁੱਕਾ ਸੀ। ਲੌਸ ਫ਼ੈਲਿਜ਼ ਦੇ ਗੁਰੂ ਘਰ ਨਾਲ ਸਬੰਧਤ ਘਟਨਾ ਸਾਹਮਣੇ ਆਉਣ ਵੇਲੇ ਕੈਲੇਫ਼ੋਰਨੀਆ ਵਿਚ ਨਫ਼ਰਤੀ ਅਪਰਾਧ 11.5 ਫ਼ੀ ਸਦੀ ਦਰ ਨਾਲ ਵਧ ਰਹੇ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.