ਕੰਜ਼ਰਵੇਟਿਵ ਪਾਰਟੀ ਨੇ ਲਾਇਆ ਲਾਗਤ 'ਤੇ ਪਰਦਾ ਪਾਉਣ ਦਾ ਦੋਸ਼

ਟੋਰਾਂਟੋ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਉਸ ਵੇਲੇ ਗਰਮਾ-ਗਰਮੀ ਹੁੰਦੀ ਮਹਿਸੂਸ ਹੋਈ ਜਦੋਂ ਕੰਜ਼ਰਵੇਟਿਵ ਪਾਰਟੀ ਨੇ ਦੋਸ਼ ਲਾਇਆ ਕਿ ਲਿਬਰਲ ਪਾਰਟੀ ਆਪਣੇ ਚੋਣ ਵਾਅਦਿਆਂ ਦੇ ਸਿੱਟੇ ਵਜੋਂ ਸਰਕਾਰੀ ਖ਼ਜ਼ਾਨੇ 'ਤੇ ਪੈਣ ਵਾਲੇ ਸੰਭਾਵਤ ਬੋਝ ਉਪਰ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਪਾਰਲੀਮਾਨੀ ਬਜਟ ਦਫ਼ਤਰ ਵਾਸਤੇ ਲਾਜ਼ਮੀ ਹੈ ਕਿ ਚੋਣ ਵਾਅਦਿਆਂ ਦੇ ਸਿੱਟੇ ਵਜੋਂ ਸਰਕਾਰੀ ਖ਼ਜ਼ਾਨੇ ਉਪਰ ਪੈਣ ਵਾਲੇ ਸੰਭਾਵਤ ਬੋਝ ਬਾਰੇ ਵਿਸਤਾਰਤ ਵੇਰਵੇ ਆਪਣੀ ਵੈਬਸਾਈਟ 'ਤੇ ਜਾਰੀ ਕਰੇ ਪਰ ਬਜਟ ਦਫ਼ਤਰ ਵੱਲੋਂ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਦੇ ਚੋਣ ਵਾਅਦਿਆਂ ਨਾਲ ਸਬੰਧਤ ਲਾਗਤ ਹੀ ਵੈਬਸਾਈਟ 'ਤੇ ਪ੍ਰਦਰਸ਼ਤ ਕੀਤੇ ਗਏ ਹਨ ਜਦਕਿ ਲਿਬਰਲ ਪਾਰਟੀ ਅਤੇ ਗਰੀਨ ਪਾਰਟੀ ਦੇ ਚੋਣ ਵਾਅਦਿਆਂ  ਨਾਲ ਸਬੰਧਤ ਲਾਗਤ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਕੰਜ਼ਰਵੇਟਿਵ ਪਾਰਟੀ ਦੇ ਬੁਲਾਰੇ ਸਾਇਮਨ ਜੈਫ਼ਰੀਜ਼ ਨੇ ਕਿਹਾ ਕਿ ਪਾਰਲੀਮਾਨੀ ਬਜਟ ਦਫ਼ਤਰ ਨੂੰ ਚੋਣ ਮਨੋਰਥ ਵਿਚ ਕੀਤੇ ਹਰ ਵਾਅਦੇ ਦਾ ਲੇਖਾ-ਜੋਖਾ ਆਪਣੀ ਵੈਬਸਾਈਟ 'ਤੇ ਪਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਲਿਬਰਲ ਆਗੂ ਜਸਟਿਨ ਟਰੂਡੋ ਨੇ ਸੇਂਟ ਜੌਹਨਜ਼ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪਾਰਲੀਮਾਨੀ ਬਜਟ ਦਫ਼ਤਰ ਨਾਲ ਸਬੰਧਤ ਸਪੱਸ਼ਟ ਜਵਾਬ ਨਹੀਂ ਦਿਤਾ। ਕੰਜ਼ਰਵੇਟਿਵ ਪਾਰਟੀ ਦੇ ਬੁਲਾਰੇ ਦਾ ਕਹਿਣਾ ਸੀ ਕਿ ਲਿਬਰਲਾਂ ਵੱਲੋਂ ਪਾਰਦਰਸ਼ਤਾ ਦੀ ਘਾਟ ਇਸ਼ਾਰਾ ਕਰਦੀ ਹੈ ਕਿ ਉਹ ਪਾਰਲੀਮਾਨੀ ਬਜਟ ਦਫ਼ਤਰ ਬਾਰੇ ਕੋਈ ਜ਼ਿਕਰ ਸੁਣਨਾ ਨਹੀਂ ਚਾਹੁੰਦੇ। ਉਧਰ ਲਿਬਰਲ ਪਾਰਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਚੋਣ ਵਾਅਦਿਆਂ ਦੀ ਸੰਭਾਵਤ ਲਾਗਤ ਦਰਸਾਉਣ ਲਈ ਪਾਰਲੀਮਾਨੀ ਬਜਟ ਦਫ਼ਤਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.