ਬਰੈਡਫੋਰਡ ਸ਼ਹਿਰ 'ਚ ਵਾਪਰਿਆ ਦਰਦਨਾਕ ਹਾਦਸਾ

ਉਨਟਾਰੀਓ, 22 ਸਤੰਬਰ, ਹ.ਬ. : ਉਨਟਾਰੀਓ ਦੇ ਸ਼ਹਿਰ ਬਰੈਡਫੋਰਡ ਵਿੱਚ ਦੋ ਵਾਹਨਾਂ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।ਸਾਊਥ ਸਿਮਕੋਏ ਪੁਲਿਸ ਨੇ ਦੱਸਿਆ ਕਿ ਐਮਰਜੰਸੀ ਅਮਲੇ ਨੂੰ ਸ਼ਾਮ ਲਗਭਗ ਸਾਢੇ ਚਾਰ ਵਜੇ ਫੋਨ ਆਇਆ ਸੀ ਕਿ ਯੌਂਗ ਸਟਰੀਟ ਦੀ 14ਵੀਂ ਲਾਈਨ 'ਤੇ ਟਰੈਕਟਰ-ਟਰੇਲਰ ਅਤੇ ਐਸਯੂਵੀ ਵਿੱਚ ਟੱਕਰ ਹੋਣ ਕਾਰਨ ਇੱਕ ਹਾਦਸਾ ਵਾਪਰ ਗਿਆ ਹੈ। ਇਸ 'ਤੇ ਪੁਲਿਸ ਟੀਮ ਮੌਕੇ 'ਤੇ ਪੁੱਜ ਗਈ। ਸਾਰਜੈਂਟ ਡੇਵਿਡ ਫਿਲਿਪਸ ਨੇ ਕਿਹਾ ਕਿ ਇੱਕ ਐਸਯੂਵੀ ਗੱਡੀ ਉੱਤਰ ਦਿਸ਼ਾ ਵੱਲ ਜਾ ਰਹੀ ਸੀ, ਜਿਸ ਦੀ ਟੱਕਰ ਇੱਕ ਟਰੱਕ ਨਾਲ ਹੋ ਗਈ, ਜਿਹੜਾ ਦੱਖਣ ਦਿਸ਼ਾ ਵੱਲ ਜਾ ਰਿਹਾ ਸੀ। ਇਸ ਦਰਦਨਾਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਨੂੰ ਬਾਅਦ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਸਿਮਕੋਏ ਕਾਊਂਟੀ ਪੈਰਾਮੈਡਿਕਸ ਪੁਲਿਸ ਟੀਮ ਨੇ ਦੱਸਿਆ ਕਿ ਇਸ ਵਿੱਚ ਗੰਭੀਰ ਜ਼ਖਮੀ ਹੋਏ ਇੱਕ ਵਿਅਕਤੀ ਨੂੰ ਨਿਊਮਾਰਕਿਟ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਰੇ ਗਏ ਸਾਰੇ ਤਿੰਨ ਵਿਅਕਤੀ ਐਸਯੂਵੀ ਗੱਡੀ ਵਿੱਚ ਸਵਾਰ ਸਨ। ਜਦਕਿ ਟਰੱਕ ਡਰਾਈਵਰ ਹਾਦਸੇ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੇ ਕਾਰਨਾਂ ਬਾਰੇ ਅਜੇ ਨਹੀਂ ਪਤਾ ਲੱਗ ਸਕਿਆ ਹੈ। ਪੁਲਿਸ ਨੇ ਯੌਂਗ ਸਟਰੀਟ ਦੀਆਂ 12ਵੀਂ ਅਤੇ 14ਵੀਂ ਲਾਈਨ ਜਾਂਚ ਲਈ ਬੰਦ ਕਰ ਦਿੱਤੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.