ਐਲਿਜ਼ਾਬੈਥ ਮੇਅ ਨੇ ਚੋਣ ਪ੍ਰਚਾਰ ਦੌਰਾਨ ਕੀਤਾ ਵਾਅਦਾ

ਵਿੰਨੀਪੈਗ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਗਰੀਨ ਪਾਰਟੀ ਦੀ ਸਰਕਾਰ ਬਣੀ ਤਾਂ ਨਸ਼ਿਆਂ ਦੀ ਬਰਾਮਦਗੀ ਹੋਣ 'ਤੇ ਕਿਸੇ ਵਿਰੁੱਧ ਅਪਰਾਧਕ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ। ਜੀ ਹਾਂ, ਪਾਰਟੀ ਦੀ ਆਗੂ ਐਲਿਜ਼ਾਬੈਥ ਮੇਅ ਨੇ ਚੋਣ ਪ੍ਰਚਾਰ ਦੌਰਾਨ ਆਖਿਆ ਕਿ ਕੈਨੇਡਾ ਵਿਚੋਂ ਨਸ਼ਿਆਂ ਦੀ ਓਵਰਡੋਜ਼ ਕਾਰਨ ਹੁੰਦੀਆਂ ਮੌਤਾਂ ਰੋਕਣ ਵਾਸਤੇ ਲਾਜ਼ਮੀ ਹੈ ਕਿ ਨਸ਼ਿਆਂ ਦੀ ਬਰਾਮਦਗੀ ਨੂੰ ਅਪਰਾਧ ਦੇ ਘੇਰੇ ਵਿਚੋਂ ਬਾਹਰ ਕਰ ਦਿਤਾ ਜਾਵੇ। ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਰੋਕਣ ਦੇ ਮਕਸਦ ਨਾਲ ਗਰੀਨ ਪਾਰਟੀ ਨੇ ਸਰਕਾਰ ਬਣਨ 'ਤੇ ਨੈਸ਼ਨਲ ਹੈਲਥ ਐਮਰਜੰਸੀ ਐਲਾਨਣ ਦਾ ਵਾਅਦਾ ਵੀ ਕੀਤਾ। ਐਲਿਜ਼ਾਬੈਥ ਮੇਅ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੈਲੌਕਸੌਨ ਕਿਟਸ ਦੀ ਉਪਰਬਧਤਾ ਯਕੀਨੀ ਬਣਾਏਗੀ ਤਾਂਕਿ ਓਵਰਡੋਜ਼ ਦੇ ਅਸਰਾਂ ਨੂੰ ਰੋਕਿਆ ਜਾ ਸਕੇ। ਚੇਤੇ ਰਹੇ ਕਿ ਓਵਰਡੋਜ਼ ਦਾ ਮਸਲਾ ਐਲਿਜ਼ਾਬੈਥ ਮੇਅ ਵਾਸਤੇ ਬੇਹੱਦ ਅਹਿਮ ਹੈ ਕਿਉਂਕਿ 2018 ਵਿਚ ਉਨਾਂ ਦੀ ਇਕ ਕਰੀਬੀ ਰਿਸ਼ਤੇਦਾਰ ਨਸ਼ਿਆਂ ਦੀ ਆਦਤ ਕਾਰਨ ਜਾਨ ਗਵਾ ਬੈਠੀ ਸੀ। ਗਰੀਨ ਪਾਰਟੀ ਦਾ ਗੜ• ਮੰਨੇ ਜਾਂਦੇ ਬ੍ਰਿਟਿਸ਼ ਕੋਲੰਬੀਆ ਦੇ ਲੋਅਰਮੇਨਲੈਂਡ ਇਲਾਕੇ ਵਿਚ ਪਿਛਲੇ ਸਮੇਂ ਦੌਰਾਨ ਓਵਰਡੋਜ਼ ਕਾਰਨ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਜਿਸ ਨੂੰ ਵੇਖਦਿਆਂ  ਪਾਰਟੀ ਵੱਲੋਂ ਇਹ ਮੁੱਦਾ ਪੁਰਜ਼ੋਰ ਆਵਾਜ਼ ਵਿਚ ਉਠਾਇਆ ਜਾ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.