ਮੋਹਾਲੀ, 23 ਸਤੰਬਰ, ਹ.ਬ. :  ਮੋਹਾਲੀ ਦੇ ਫੇਸ 9 ਵਿਖੇ ਚਲ ਰਹੀ ਐਕਸੀਲੈਂਟ ਸਰਵਿਸਿਜ਼ ਨਾਂ ਦੀ ਇੰਮਗਰੇਸ਼ਨ ਕੰਪਨੀ ਦੇ ਇੱਕ ਪ੍ਰਬੰਧਕ ਨੂੰ ਧੋਖਾਧੜੀ ਦੇ ਮਾਮਲੇ ਵਿਚ ਪੁਲਿਸ ਨੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਕੰਪਨੀ ਪ੍ਰਬੰਧਕ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਘੁੰਮਣ ਕਲਾਂ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਗ੍ਰਿਫਤਾਰੀ ਉਪਰੰਤ ਲਵਪ੍ਰੀਤ ਸਿੰਘ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 1 ਦਿਨ ਦੀ ਪੁਲਿਸ ਰਿਮਾਂਡ'ਤੇ ਭੇਜ ਦਿੱਤਾ ਗਿਆ। ਇਸ ਸਬੰਧੀ ਥਾਣਾ ਫੇਸ 8 ਦੇ ਮੁਖੀ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫੇਸ 9 ਵਿਚ ਐਕਸੀਲੈਂਟ ਸਰਵਿਸਿਜ਼ ਨਾਂ ਦੀ ਕੰਪਨੀ ਬਿਨਾਂ ਲਾਇਸੰਸ ਤੋਂ ਚਲਾਈ ਜਾ ਰਹੀ ਹੈ ਅਤੇ ਉਕਤ ਕੰਪਨੀ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਕੋਲੋਂ ਪੈਸੇ ਠੱਗ ਰਹੀ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਕੰਪਨੀ ਦੇ ਦਫ਼ਤਰ ਵਿਚ ਛਾਪਾ ਮਾਰਿਆ ਅਤੇ ਲਵਪੀ੍ਰਤ ਸਿੰਘ ਨੂੰ ਕਾਬੂ ਕਰ ਲਿਆ, ਜਦ ਕਿ ਉਸ ਦਾ ਇੱਕ ਭਾਈਵਾਲ ਜਗਦੀਪ ਸਿੰਘ ਵਾਸੀ ਮੋਰਿੰਡਾ ਫਿਲਹਾਲ ਫਰਾਰ ਹੈ।  ਉਕਤ ਕੰਪਨੀ ਪ੍ਰਬੰਧਕਾਂ ਨੇ 80 ਦੇ ਕਰੀਬ ਲੋਕਾਂ ਨੂੰ ਅਪਣੀ ਠੱਗੀ ਦਾ ਸ਼ਿਕਾਰ ਬਣਾਇਆ। ਲੋਕਾਂ ਕੋਲੋਂ ਰੁਪਏ, ਪਾਸਪੋਰਟ ਅਤੇ ਪੜ੍ਹਾਈ ਨਾਲ ਸਬੰਧਤ ਦਸਤਾਵੇਜ਼ ਲਏ ਹੋਏ ਸੀ, ਪਰ ਨਾ ਤਾਂ ਕਿਸੇ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਨ੍ਹਾਂ ਦੇ ਪੈਸੇ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਵਾਪਸ ਮੋੜੇ। ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਧਾਰਾ 420, 120 ਬੀ ਅਤੇ 24 ਇੰਮੀਗਰੇਸ਼ਨ ਐਕਟ ਨੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.