ਅੰਕਾਰਾ, 1 ਅਕਤੂਬਰ, ਹ.ਬ. : ਤੁਰਕੀ ਦੇ ਰਾਸ਼ਟਰਪਤੀ ਰੇਸੇਪ ਏਰਦੋਗਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਪਾਕਿਸਤਾਨ ਲਈ ਅਤਿ ਆਧੁਨਿਕ ਜੰਗੀ ਬੇੜਾ ਬਣਾ ਰਿਹਾ ਹੈ। ਏਰਦੋਗਨ ਨੇ ਐਤਵਾਰ ਨੂੰ ਤੁਰਕੀ ਦੀ ਨੇਵੀ 'ਚ ਇਕ ਜੰਗੀ ਬੇੜਾ ਸ਼ਾਮਲ ਕੀਤੇ ਜਾਣ ਦੌਰਾਨ ਕਿਹਾ, 'ਸਾਡੀ ਨੇਵੀ ਦੀ ਜਿੱਤ ਦਾ ਸ਼ਾਨਦਾਰ ਇਤਿਹਾਸ ਹੈ ਤੇ ਇਸ ਵਿਰਾਸਤ ਨੂੰ ਅੱਗੇ ਵਧਾਉਣ ਲਈ ਇਸ ਨੂੰ ਆਧੁਨਿਕ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਅਸੀਂ ਇਕ ਜੰਗੀ ਬੇੜੇ ਦਾ ਨਿਰਮਾਣ ਸ਼ੁਰੂ ਕੀਤਾ ਹੈ। ਇਸ ਨੂੰ ਪਾਕਿਸਤਾਨ ਨੂੰ ਵੇਚਿਆ ਜਾਵੇਗਾ।' ਇਸ ਜੰਗੀ ਬੇੜੇ ਦੇ ਨਿਰਮਾਣ ਦੀ ਨੀਂਹ ਰੱਖਣ ਮੌਕੇ ਪਾਕਿਸਤਾਨ ਨੇਵੀ ਦੇ ਕਮਾਂਡਰ ਐਡਮਿਰਲ ਜਫ਼ਰ ਮਹਿਮੂਦ ਅੱਬਾਸੀ ਵੀ ਮੌਜੂਦ ਸਨ। ਪਾਕਿਸਤਾਨ ਲਈ ਜੋ ਬੇੜਾ ਬਣਾਇਆ ਜਾ ਰਿਹਾ ਹੈ, ਉਹ ਤੁਰਕੀ ਦੇ ਜੰਗੀ ਬੇੜੇ ਐੱਮਆਈਐੱਲਜੀਈਐੱਮ ਸ਼੍ਰੇਣੀ ਦਾ ਹੈ। ਪਾਕਿਸਤਾਨ ਨੇ ਇਸ ਸ਼੍ਰੇਣੀ ਦੇ ਚਾਰ ਜੰਗੀ ਬੇੜੇ ਖ਼ਰੀਦਣ ਲਈ ਤੁਰਕੀ ਨਾਲ 2018 'ਚ ਕਰਾਰ ਕੀਤਾ ਸੀ। ਕਰਾਰ ਤਹਿਤ ਦੋ ਜੰਗੀ ਬੇੜੇ ਤੁਰਕੀ 'ਚ ਬਣਨਗੇ ਤੇ ਦੋ ਦਾ ਨਿਰਮਾਣ ਪਾਕਿਸਤਾਨ 'ਚ ਕੀਤਾ ਜਾਵੇਗਾ। ਅਤਿ ਆਧੁਨਿਕ ਐੱਮਆਈਐੱਲਜੀਈਐੱਮ ਕਲਾਸ ਦੇ ਜੰਗੀ ਬੇੜੇ ਰਡਾਰ ਤੋਂ ਬਚਣ 'ਚ ਸਮਰੱਥ ਦੱਸੇ ਜਾਂਦੇ ਹਨ। 99 ਮੀਟਰ ਲੰਬੇ ਇਨ੍ਹਾਂ ਜੰਗੀ ਬੇੜਿਆਂ ਦਾ ਵਜ਼ਨ 24 ਹਜ਼ਾਰ ਟਨ ਹੈ। ਇਸ ਦੀ ਗਤੀ 29 ਨੌਟੀਕਲ ਮੀਲ ਹੈ। ਤੁਰਕੀ ਦੁਨੀਆ ਦੇ ਉਨ੍ਹਾਂ 10 ਦੇਸ਼ਾਂ 'ਚ ਗਿਣਿਆ ਜਾਂਦਾ ਹੈ, ਜੋ ਆਪਣੇ ਬਲ 'ਤੇ ਜੰਗੀ ਬੇੜੇ ਦਾ ਡਿਜ਼ਾਈਨ, ਨਿਰਮਾਣ ਤੇ ਉਨ੍ਹਾਂ ਦੀ ਸਾਂਭ ਸੰਭਾਲ 'ਚ ਸਮਰੱਥ ਹੈ। ਉਹ ਹੁਣ ਤਕ ਐੱਮਆਈਐੱਲਜੀਈਐੱਮ ਕਲਾਸ ਦੇ ਚਾਰ ਜੰਗੀ ਬੇੜੇ ਬਣਾ ਕੇ ਆਪਣੀ ਨੇਵੀ 'ਚ ਸ਼ਾਮਲ ਕਰ ਚੁੱਕਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.